ਟਰੱਕ ਯੂਨੀਅਨ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਰੁੱਧ ਸੰਘਰਸ਼ ਦੀ ਚਿਤਾਵਨੀ
ਚੰਡੀਗੜ੍ਹ, 12 ਅਗਸਤ: ਬੀਤੇ ਦਿਨ ਸੋਸ਼ਲ ਮੀਡੀਆ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾਂ ਵੱਲੋਂ ਟਰੱਕ ਡਰਾਈਵਰ ਨਾਲ ਕੀਤੀ ਗਈ ਕੁੱਟਮਾਰ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਵਿਰੁੱਧ ਟਰੱਕ ਡਰਾਈਵਰਾਂ 'ਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਟਰੱਕ ਡਰਾਈਵਰਾਂ ਵੱਲੋਂ ਇਥੋਂ ਤੱਕ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਲਦ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਵੱਲੋਂ ਪੰਜਾਬ ਭਰ 'ਚ ਟਰੱਕ ਖੜ੍ਹੇ ਕਰ ਦਿੱਤੇ ਜਾਣਗੇ ਤੇ ਬਦਲਾਵ ਦਾ ਹੋਕਾ ਦੇ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਕੜਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਬ੍ਰਦਰਜ਼ ਟਰੱਕ ਯੂਨੀਅਨ ਨੇ ਨੁਮਾਇੰਦਿਆਂ ਨੇ ਦੱਸਿਆ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਇਕ ਇਲਾਕੇ 'ਚ ਟਰੱਕ ਡਰਾਈਵਰ ਜਾ ਰਿਹਾ ਸੀ ਤਾਂ ਇਸ ਦੌਰਾਨ ਉਥੋਂ ਲੰਘ ਰਹੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕਾਫਿਲੇ ਨੂੰ ਰਸਤਾ ਨਾ ਮਿਲਣ ਕਾਰਨ ਸਪੀਕਰ ਦੇ ਗੰਨਮੈਂਨਾਂ ਵੱਲੋਂ ਪਹਿਲਾਂ ਤਾਂ ਟਰੱਕ ਡਰਾਈਵਰ ਨੂੰ ਗੱਡੀ ਚੋਂ ਹੇਠਾਂ ਲਾਇਆ ਗਿਆ ਤੇ ਫਿਰ ਉਸਦੀ ਕੁੱਟਮਾਰ ਕੀਤੀ ਜਿਸਦੀ ਕਿ ਬਕਾਇਦਾ ਵੀਡੀਓ ਵੀ ਬਣੀ ਹੋਈ ਹੈ ਤੇ ਵਾਇਰਲ ਜਾ ਚੁੱਕੀ ਹੈ। ਟਰੱਕ ਡਰਾਈਵਰਾਂ ਨੇ ਕਿਹਾ ਕਿ ਹਰ ਵਕਤ ਬਦਲਾਵ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੇਕਰ ਇਸ ਤਰ੍ਹਾਂ ਦੀਆਂ ਨੀਚ ਹਰਕਤਾਂ ਹੀ ਕੀਤੀਆਂ ਜਾਣੀਆਂ ਨੇ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਦਲਾਵ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਇਸ ਮੌਕੇ ਟਰੱਕ ਡਰਾਈਵਰਾਂ ਨੇ ਸਪੀਕਰ ਸੰਧਵਾਂ ਨੂੰ ਦੋ ਟੁੱਕ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਉਨ੍ਹਾਂ ਨੇ ਇਸ ਵਰਤਾਰੇ ਲਈ ਮੁਆਫੀ ਮੰਗਦਿਆਂ ਹੋਇਆਂ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਪੰਜਾਬ ਭਰ 'ਚ ਟਰੱਕ ਖੜ੍ਹੇ ਕਰ ਦਿੱਤੇ ਜਾਣਗੇ ਤੇ ਇੱਕ ਤਕੜਾ ਸੰਘਰਸ਼ ਸਪੀਕਰ ਵਿਰੁੱਧ ਛੇੜਿਆ ਜਾਵੇਗਾ। ਇਸ ਮਾਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਬਣਦਿਆਂ ਹੀ ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਨੇ ਆਪਣਾ ਹੇਕੜੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਜਦੋਂ ਲੋਕਾਂ ਦੇ ਰਕਸ਼ਕ ਹੀ ਲੋਕਾਂ ਦੇ ਭਕ੍ਸ਼ਕ ਬਣ ਜਾਵੇ ਤਾਂ ਆਮ ਜਨਤਾ ਕਿੱਥੇ ਜਾਵੇ? ਜੀਵਨ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦਸੂਹਾ ਦੇ 'ਆਪ' ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਆਪਣੇ ਸਾਥੀਆਂ ਅਤੇ ਅੰਗ ਰੱਖਿਅਕਾਂ ਸਮੇਤ ਚੌਲਾਂਗ ਟੋਲ ਪਲਾਜ਼ਾ 'ਤੇ ਉਥੇ ਕੰਮ ਕਰਦੇ ਮੁਲਾਜ਼ਮਾਂ ਨਾਲ ਕੀਤੇ ਗਏ ਗੁੰਡਾਗਰਦੀ ਦੇ ਨੰਗੇ ਨਾਚ ਤੋਂ ਹਰ ਕੋਈ ਜਾਣੂ ਹੈ। ਦੂਜੇ ਪਾਸੇ ਬਾਬਾ ਬਕਾਲਾ ਦੇ 'ਆਪ' ਵਿਧਾਇਕ ਦਲਬੀਰ ਸਿੰਘ ਵੱਲੋਂ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਨਿਲਾਮੀ ਤੋਂ ਹੀ ਆਪਣੀ ਗੱਡੀ 'ਤੇ ਵੀ.ਆਈ.ਪੀ ਨੰਬਰ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਦਕਿ ਜਨਤਾ ਨੂੰ ਸਾਫ਼ ਤੌਰ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਧਿਆਨ ਰਹੇ ਕਿ ਵੀਆਈਪੀ ਨੰਬਰ ਦੀ ਨਿਲਾਮੀ ਸਰਕਾਰੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਅਤੇ ਜੋ ਵਿਅਕਤੀ ਵੀਆਈਪੀ ਨੰਬਰ ਲਈ ਸਭ ਤੋਂ ਵੱਧ ਬੋਲੀ ਲਗਾਉਂਦਾ ਹੈ, ਉਹ ਆਦਮੀ ਉਹ ਨੰਬਰ ਆਪਣੀ ਕਾਰ ਲਈ ਖਰੀਦਦਾ ਹੈ। ਪਰ ਬਾਬਾ ਬਕਾਲਾ ਦੇ 'ਆਪ' ਵਿਧਾਇਕ ਦਲਬੀਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜੀਵਨ ਗੁਪਤਾ ਨੇ ਕਿਹਾ ਕਿ ਇਹ ਹਾਲਤ ਸਿਰਫ਼ ‘ਆਪ’ ਵਿਧਾਇਕਾਂ ਜਾਂ ਉਨ੍ਹਾਂ ਦੇ ਮੰਤਰੀਆਂ ਦੇ ਹੀ ਨਹੀਂ ਹਨ, ਬਲਕਿ ਉਨ੍ਹਾਂ ਦੇ ਆਗੂ ਵੀ ਕਿਸੇ ਤੋਂ ਘੱਟ ਨਹੀਂ ਹਨ। ਇਨ੍ਹਾਂ ਦੇ ਆਗੂ ਟਰੱਕ ਯੂਨੀਅਨਾਂ ਅਤੇ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ ਅਤੇ 'ਆਪ' ਆਗੂ ਆਪਣੇ ਕਾਰਨਾਮਿਆਂ 'ਤੇ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ। -PTC News