ਤੀਹਰਾ ਕਤਲ ਕਾਂਡ ; ਲਾਪਤਾ ਪ੍ਰਭਜੋਤ ਸਿੰਘ ਦੀ ਐਕਟਿਵਾ ਨਹਿਰ ਕਿਨਾਰੇ ਤੋਂ ਮਿਲੀ
ਰੂਪਨਗਰ : ਪਾਵਰ ਕਾਲੋਨੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਮਾਮਲੇ 'ਚ ਪਰਿਵਾਰ ਦੇ ਚੌਥੇ ਮੈਂਬਰ ਪ੍ਰਭਜੋਤ ਸਿੰਘ ਦੀ ਐਕਟਿਵਾ ਪੁਲਿਸ ਨੇ ਬਰਾਮਦ ਕਰ ਲਈ ਹੈ। ਇਹ ਐਕਟਿਵਾ ਪੁਲਿਸ ਲਾਈਨ ਦੇ ਪਿਛਲੇ ਪਾਸੇ ਬੁਧਕੀ ਨਦੀ ਨੇੜੇ ਝਾੜੀਆਂ ਵਿਚੋਂ ਮਿਲੀ ਹੈ। ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਲਈ ਕਾਫੀ ਸਰਗਰਮੀ ਨਾਲ ਲੱਗੀ ਹੋਈ ਹੈ। ਪੁਲਿਸ ਇਸ ਇਲਾਕੇ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਬਰਾਮਦ ਐਕਟਿਵਾ ਲਾਕ ਕੀਤੀ ਹੋਈ ਸੀ ਜਿਸ ਦਾ ਲਾਕ ਖੁੱਲ੍ਹਵਾਉਣ ਪਿੱਛੋਂ ਆਰਸੀ ਤੋਂ ਐਕਟਿਵਾ ਦੇ ਮਾਲਕ ਦੀ ਪਛਾਣ ਹੋਈ। ਐਕਟਿਵਾ ਪ੍ਰਭਜੋਤ ਸਿੰਘ ਦੇ ਪਿਤਾ ਹਰਚਰਨ ਸਿੰਘ ਦੇ ਨਾਂ 'ਤੇ ਹੈ। ਹੁਣ ਪੁਲਿਸ ਜਾਂਚ ਟੀਮ ਦੀ ਪੂਰੀ ਤਾਕਤ ਪ੍ਰਭਜੋਤ ਸਿੰਘ ਨੂੰ ਤਲਾਸ਼ ਕਰਨ 'ਚ ਲੱਗੀ ਹੋਈ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਹੈ ਕਿ ਪ੍ਰਭਜੋਤ ਮਾਮਲੇ ਵਿਚ ਅਹਿਮ ਕੜੀ ਹੈ। ਪੁਲਿਸ ਦੀ ਜਾਂਚ 'ਚ ਹਾਲੇ ਤਕ ਜੋ ਵੀ ਸੱਚਾਈ ਸਾਹਮਣੇ ਆ ਰਹੀ ਹੈ, ਉਸ ਦੇ ਮੁਤਾਬਕ ਪ੍ਰਭਜੋਤ ਦਾ ਹੱਤਿਆ ਕਾਂਡ 'ਚ ਅਹਿਮ ਸਬੰਧ ਲੱਗ ਰਿਹਾ ਹੈ। ਪ੍ਰਭਜੋਤ ਕੋਲ ਦੋ ਮੋਬਾਈਲ ਨੰਬਰ ਸਨ ਤੇ ਪੁਲਿਸ ਨੇ ਜਦੋਂ ਉਸ ਦੇ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਦਸ ਅਪ੍ਰੈਲ ਦੀ ਦੁਪਹਿਰ ਤਕ ਦੋਵੇਂ ਨੰਬਰ ਚੱਲ ਰਹੇ ਸਨ। ਇਕ ਨੰਬਰ ਡੀਏਵੀ ਸਕੂਲ ਦੇ ਰਸਤੇ ਤੇ ਦੂਜਾ ਨੰਬਰ ਕੋਟਲਾ ਨਿਹੰਗ ਨੇੜੇ ਟਾਵਰ ਲੋਕੇਸ਼ਨ ਵਿੱਚ ਆਇਆ ਸੀ। ਪ੍ਰਭਜੋਤ ਸਿੰਘ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ 'ਚ ਸਭ ਤੋਂ ਅਹਿਮ ਇਹ ਹੈ ਕਿ ਉਹ ਡਿਪ੍ਰੈਸ਼ਨ 'ਚ ਦੱਸਿਆ ਜਾ ਰਿਹਾ ਹੈ। ਕੁਝ ਦਿਨ ਸਮਾਂ ਪਹਿਲਾਂ ਹੀ ਬੀਏਐੱਮਐੱਸ ਦੀ ਡਿਗਰੀ ਪ੍ਰਾਈਵੇਟ ਇੰਸਟੀਚਿਊਟ 'ਚ ਦਾਖ਼ਲਾ ਲਿਆ ਸੀ ਜਦਕਿ ਪਹਿਲਾਂ ਉਹ ਪੀਜੀਆਈ 'ਚ ਕੋਈ ਟੈਕਨੀਕਲ ਕੋਰਸ ਕਰ ਰਿਹਾ ਸੀ। ਇਹ ਕੋਰਸ ਛੱਡਣ ਪਿੱਛੋਂ ਉਸ ਨੇ ਬੀਏਐੱਮਐੱਸ 'ਚ ਦਾਖ਼ਲਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਐੱਮਬੀਬੀਐੱਸ ਕਰਨਾ ਚਾਹੁੰਦਾ ਸੀ ਪਰ ਉਹ ਟੈਸਟ ਕਲੀਅਰ ਨਹੀਂ ਕਰ ਸਕਿਆ ਸੀ। ਇਹ ਵੀ ਪੜ੍ਹੋ : ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹ