ਪੀਜੀਆਈ 'ਚ ਪੰਜਾਬ ਦੇ ਆਯੂਸ਼ਮਾਨ ਕਾਰਡਧਾਰਕਾਂ ਦਾ ਮੁੜ ਤੋਂ ਇਲਾਜ ਸ਼ੁਰੂ
ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੀਜੀਆਈ ਨੇ ਪੰਜਾਬ ਦੇ ਆਯੂਸ਼ਮਾਨ ਕਾਰਡਧਾਰਕਾਂ ਨੂੰ ਅੱਜ ਵੱਡੀ ਰਾਹਤ ਦਿੱਤੀ ਹੈ। ਪੀਜੀਆਈ ਵਿੱਚ ਅੱਜ ਤੋਂ ਪੰਜਾਬ ਦੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦਾ ਮੁੜ ਤੋਂ ਇਲਾਜ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤੇ ਅਧਿਕਾਰਤ ਬੁਲਾਰੇ ਪੀਜੀਆਈਐਮਈਆਰ ਕੁਮਾਰ ਗੌਰਵ ਧਵਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੇ ਆਦੇਸ਼ਾਂ 'ਤੇ ਪੀਜੀਆਈ ਵਿੱ ਅੱਜ ਤੋਂ ਆਯੂਸ਼ਮਾਨ ਕਾਰਡ ਧਾਰਕਾਂ ਦਾ ਮੁੜ ਤੋਂ ਮੁਫ਼ਤ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸ ਸਬੰਧੀ ਪੰਜਾਬ ਦੇ ਸਿਹਤ ਸਕੱਤਰ ਅਜੇ ਸ਼ਰਮਾ ਨੇ ਕਿਹਾ ਹੈ ਕਿ ਪੀਜੀਆਈ ਨੂੰ ਇੱਕ ਹਫ਼ਤੇ ਵਿੱਚ ਬਕਾਇਆ ਅਦਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਤਹਿਤ ਸਰਕਾਰ ਦਾ 300 ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇੱਕ ਹਫ਼ਤੇ ਵਿੱਚ ਬਕਾਇਆ ਕਲੀਅਰ ਕਰ ਦਿੱਤਾ ਜਾਵੇਗਾ। ਧਵਨ ਨੇ ਅੱਗੇ ਦੱਸਿਆ ਸੰਸਥਾ ਸਭ ਤੋਂ ਪਹਿਲਾਂ ਮਰੀਜ਼ਾਂ ਦੇ ਇਲਾਜ ਨੂੰ ਤਰਜੀਹ ਦਿੰਦੀ ਹੈ। ਅਸੀਂ ਅੱਜ ਤੋਂ ਪੰਜਾਬ ਦੇ ਲਾਭਪਾਤਰੀਆਂ ਲਈ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਮੁੜ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਇਥੇ ਧਿਆਨ ਦੇਣ ਯੋਗ ਗੱਲ ਹੈ ਕਿ ਚੰਡੀਗੜ੍ਹ ਦੇ ਬਾਕੀ ਦੋ ਵੱਡੇ ਹਸਪਤਾਲਾਂ ਨੇ ਵੀ ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਅੱਜ ਸੰਸਦ ਵਿੱਚ ਵੀ ਇਹ ਮੁੱਦਾ ਗੂੰਜਿਆ ਸੀ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਪੀਜੀਆਈ ਵਿੱਚ ਆਯੂਸ਼ਮਾਨ ਕਾਰਡਧਾਰਕਾਂ ਦੇ ਬੰਦ ਕੀਤੇ ਗਏ ਇਲਾਜ ਦਾ ਮੁੱਦਾ ਚੁੱਕਿਆ ਸੀ। ਧਵਨ ਨੇ ਕਿਹਾ ਕਿ ਪੀਜੀਆਈ ਹਮੇਸ਼ਾ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਉਂਦਾ ਹੈ ਪਰ ਪੀਜੀਆਈ ਨੂੰ ਵੀ ਕਈ ਗੱਲਾਂ ਬਾਰੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ। ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਸਰਕਾਰ ਦਾ ਪੀਜੀਆਈ ਚੰਡੀਗੜ੍ਹ ਦਾ 16 ਕਰੋੜ ਰੁਪਏ ਬਕਾਇਆ ਹੈ। ਪੀਜੀਆਈ ਪ੍ਰਸ਼ਾਸਨ ਦਸੰਬਰ 2021 ਤੋਂ ਬਕਾਇਆ ਰਾਸ਼ੀ ਜਾਰੀ ਕਰਨ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰ ਰਿਹਾ ਹੈ। ਪੀਜੀਆਈ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਰਾਜ ਸਿਹਤ ਅਥਾਰਟੀ ਅਤੇ ਨੈਸ਼ਨਲ ਹੈਲਥ ਅਥਾਰਟੀ ਨੂੰ 1 ਅਪ੍ਰੈਲ, 13 ਮਈ ਅਤੇ 7 ਜੂਨ ਨੂੰ ਪੰਜਾਬ ਵੱਲ ਬਕਾਇਆ ਰਾਸ਼ੀ ਬਾਰੇ ਸੂਚਿਤ ਕੀਤਾ ਸੀ। ਇਸ ਸਕੀਮ ਤਹਿਤ ਪੰਜਾਬ ਤੋਂ ਫੰਡ ਨਾ ਮਿਲਣ ਕਾਰਨ ਪੀਜੀਆਈ ਨੂੰ ਪੰਜਾਬ ਦੇ ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਵੀ ਪੜ੍ਹੋ : ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਨ ਵਾਲੀ ਸਮੱਗਰੀ ਵੇਚਣ ਪੁੱਜਾ ਚੋਰ, ਕਬਾੜੀਏ ਨੇ ਕੀਤਾ ਕਾਬੂ