ਮਾਈਨਿੰਗ ਪਾਲਿਸੀ ਵਿਰੁੱਧ ਇਕੱਠੇ ਹੋਏ ਟਰੈਕਟਰ-ਟਰਾਲੀ ਚਾਲਕ, ਮਾਈਨਿੰਗ ਮੰਤਰੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜਨਾਲਾ: ਪੰਜਾਬ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਅੰਦਰ ਨਵੀਂ ਮਾਈਨਿੰਗ ਪਾਲਿਸੀ ਲਿਆ ਕੇ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਮਾਈਨਿੰਗ ਮਾਫੀਏ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਮਾਈਨਿੰਗ ਪਾਲਿਸੀ ਨੂੰ ਲੈ ਕੇ ਅਜਨਾਲਾ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਰੇਤਾ ਦਾ ਰੋਜ਼ਗਾਰ ਖੁੱਸਣ ਦੇ ਵਿਰੋਧ ਵਿੱਚ ਟਰੱਕ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਤੇ ਰੇਤ ਦੀ ਢੋਆ ਢੁਆਈ ਕਰਨ ਵਾਲੇ ਲੋਕਾਂ ਵੱਲੋਂ ਹੀਰਾ ਸਿੰਘ ਬੱਲ ਲੱਭੇ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਰੇਤਾ ਦੀ ਢੋਆ ਢੁਆਈ ਕਰਨ ਵਾਲੇ ਟਰੈਕਟਰ ਟਰਾਲੀਆਂ ਵਾਲਿਆਂ ਅੰਦਰ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦਾਅਵਾ ਕਰਦੀ ਸੀ ਕਿ ਸੂਬੇ ਅੰਦਰ ਨਵੀਂ ਮਾਈਨਿੰਗ ਪਾਲਿਸੀ ਲਿਆ ਕੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਪੰਜਾਬ ਅੰਦਰ ਬਣੀ ਮਾਨ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰੋਜ਼ਗਾਰ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਲਿਸੀ ਬਣਾ ਕੇ ਸਾਰਾ ਕੰਮ ਲੁਧਿਆਣੇ ਦੀ ਇੱਕ ਪਾਰਟੀ ਦੇ ਹੱਥ ਦੇ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਜਨਾਲਾ ਨੇੜੇ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੀ ਰਾਏ ਲਵੇ ਅਤੇ ਫਿਰ ਇਹ ਮਾਈਨਿੰਗ ਪਾਲਿਸੀ ਬਣਾਵੇ ਪਰ ਜਿਸ ਤਰੀਕੇ ਨਾਲ ਇਨ੍ਹਾਂ ਵੱਲੋਂ ਇਹ ਪਾਲਿਸੀ ਬਣਾਈ ਗਈ ਹੈ। ਇਸ ਨਾਲ ਰੇਤਾ ਦੀ ਢੋਆ ਢੁਆਈ ਕਰਨ ਵਾਲੇ ਲੋਕ ਭੁੱਖੇ ਮਰ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣੀ ਇਹ ਨਵੀਂ ਮਾਈਨਿੰਗ ਪਾਲਿਸੀ ਨਹੀਂ ਬਦਲਦੀ ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ ਜਦੋਂ ਤਕ ਇਹ ਮਾਈਨਿੰਗ ਪਾਲਿਸੀ ਰੱਦ ਨਹੀਂ ਹੁੰਦੀ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਇਹ ਵੀ ਪੜ੍ਹੋ : ਭਾਰਤ ਦੇ ਨਿਰਯਾਤ ਪਾਬੰਦੀ ਕਾਰਨ ਕਣਕ ਦੁਨੀਆ ਭਰ 'ਚ ਹੋਈ ਮਹਿੰਗੀ ਇਸ ਮੌਕੇ ਮੇਜਰ ਸਿੰਘ ਮੁੱਛਲ, ਮੁਹਤ ਚੰਦ ਮੀਰਾਂਕੋਟ, ਸੁਖਰਾਜ ਸਿੰਘ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹੀਰਾ ਸਿੰਘ, ਰਣਜੀਤ ਸਿੰਘ, ਸੁੱਖਾ ਸਿੰਘ, ਸਾਬੀ ਸੂਫ਼ੀਆਂ,ਹਰਜੀਤ ਸਿੰਘ, ਦਲਬੀਰ ਸਿੰਘ ਰਮਦਾਸ, ਸਰਬਜੀਤ ਸਿੰਘ, ਭੇਜਾ ਸੋਹੀਆ, ਲਵ ਬੱਲ, ਭੁਪਿੰਦਰ ਸਿੰਘ, ਰਾਜਵਿੰਦਰਜੀਤ ਸਿੰਘ ਜੈਮੀ, ਬਲਕਾਰ ਸਿੰਘ, ਨਿੰਮਾ ਘੋਗਾ, ਧਿਰਾ,ਬਿੰਦਰ ਮੁੱਛਲ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਸੈਂਕਡ਼ੇ ਦੀ ਗਿਣਤੀ ਚ ਰੇਤਾ ਦੀ ਢੋਆ ਢੁਆਈ ਵਿੱਚ ਲੱਗੇ ਲੋਕ ਹਾਜ਼ਰ ਸਨ । (ਪੰਕਜ ਮੱਲ੍ਹੀ ਦੀ ਰਿਪੋਰਟ) -PTC News