20 ਤੋਂ ਵੱਧ ਕਿਸਾਨਾਂ ਨੂੰ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਨਦੀ 'ਚ ਡਿੱਗੀ, ਬਚਾਅ ਕਾਰਜ ਜਾਰੀ
ਹਰਦੋਈ, 27 ਅਗਸਤ: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ 20 ਤੋਂ ਵੱਧ ਕਿਸਾਨਾਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਨਦੀ ਵਿੱਚ ਡਿੱਗ ਗਈ। ਘਟਨਾ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ 13 ਕਿਸਾਨ ਤੈਰ ਕੇ ਕਿਨਾਰੇ 'ਤੇ ਪਹੁੰਚ ਗਏ ਸਨ।
ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਕੁਮਾਰ ਜੋ ਬਚਾਅ ਦਾ ਪ੍ਰਬੰਧ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਬਾਹਰ ਆਏ ਵਿਅਕਤੀਆਂ ਨੇ 6 ਹੋਰ ਲੋਕਾਂ ਦੀ ਪਛਾਣ ਕੀਤੀ ਹੈ ਜੋ ਉਨ੍ਹਾਂ ਨਾਲ ਸਨ, ਜਿਸਦਾ ਮਤਲਬ ਹੈ ਕਿ ਬਹੁਤ ਸਾਰੇ ਅਜੇ ਵੀ ਲਾਪਤਾ ਹਨ। ਮੈਜਿਸਟਰੇਟ ਨੇ ਕਿਹਾ ਕਿ ਟਰਾਲੀ ਵਿੱਚ ਘੱਟੋ-ਘੱਟ 24 ਦੇ ਨੇੜੇ ਲੋਕ ਸਨ। ਰਿਪੋਰਟ ਮੁਤਾਬਕ ਲਾਪਤਾ ਵਿਅਕਤੀਆਂ ਦੀ ਗਿਣਤੀ 10 ਨੂੰ ਪਾਰ ਕਰ ਸਕਦੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਆਪਣੀ ਖੀਰੇ ਦੀ ਪੈਦਾਵਾਰ ਵੇਚ ਕੇ ਨਜ਼ਦੀਕੀ ਮੰਡੀ ਤੋਂ ਆਪਣੇ ਪਿੰਡ ਵਾਪਸ ਪਰਤ ਰਹੇ ਸਨ। ਪਾਲੀ ਖੇਤਰ ਦੇ ਗਰਾਰਾ ਨਦੀ ਨੇੜੇ ਟਰੈਕਟਰ ਦਾ ਇੱਕ ਪਹੀਆ ਪਲਟ ਗਿਆ ਅਤੇ ਰੇਲਿੰਗ ਤੋੜ ਕੇ ਟਰੈਕਟਰ, ਟਰਾਲੀ ਅਤੇ ਸਵਾਰੀਆਂ ਸਣੇ ਪਾਣੀ ਵਿੱਚ ਜਾ ਡੁੱਬਿਆ।
ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਬੁਲਾਇਆ ਗਿਆ, ਅਜੇ ਤੱਕ ਵਾਹਨ ਦਾ ਪਤਾ ਲਗਾਉਣ ਅਤੇ ਬਾਹਰ ਕੱਢਣ ਵਿੱਚ ਕਾਮਯਾਬੀ ਨਹੀਂ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਇਸਦੇ ਲਈ ਕ੍ਰੇਨ ਤਿਆਰ ਕੀਤੀ ਜਾਵੇਗੀ। ਘਟਨਾ ਵਾਲੀ ਥਾਂ 'ਤੇ ਪੁਲਿਸ ਤੋਂ ਇਲਾਵਾ ਪਿੰਡ ਦੇ ਕਈ ਲੋਕ ਵੀ ਇਕੱਠੇ ਹੋ ਗਏ ਤਾਂ ਜੋ ਕਿਸਾਨਾਂ ਨੂੰ ਬਾਹਰ ਕੱਢਿਆ ਜਾ ਸਕੇ।
-PTC News