ਟਿੱਪਰ ਯੂਨੀਅਨ ਨੇ ਪੁਤਲਾ ਸਾੜ ਕੇ ਕੀਤਾ ਰੋਸ ਮੁਜ਼ਾਹਰਾ, ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
ਹੁਸ਼ਿਆਰਪੁਰ : ਦਸੂਹਾ ਜੰਮੂ ਨੈਸ਼ਨਲ ਹਾਈਵੇਅ 'ਤੇ ਪੈਂਦੇ ਕਸਬਾ ਐਮਾ ਮਾਂਗਟ ਨੇੜੇ ਦਸੂਹਾ ਮੁਕੇਰੀਆਂ ਟਿੱਪਰ ਯੂਨੀਅਨ ਵੱਲੋਂ ਸਰਕਾਰ ਖਿਲਾਫ਼ ਪੁਤਲਾ ਫੂਕ ਕੇ ਸੜਕ ਦੇ ਕੰਢੇ ਉਤੇ ਧਰਨਾ ਦਿੱਤਾ ਗਿਆ। ਟਿੱਪਰ ਯੂਨੀਅਨ ਦੇ ਮੈਂਬਰਾਂ ਨੇ ਵੀ ਆਪਣੇ ਟਰੱਕ ਸੜਕ ਕਿਨਾਰੇ ਖੜ੍ਹੇ ਕਰ ਦਿੱਤੇ ਗਏ। ਧਰਨਾਕਾਰੀ ਟਿੱਪਰ ਮਾਲਕਾਂ ਤੇ ਡਰਾਈਵਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਸ਼ਨ ਕੁਮਾਰ ਦਾ ਪੁਤਲਾ ਵੀ ਸਾੜਿਆ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕਿ ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਟਿੱਪਰ ਯੂਨੀਅਨ ਵੱਲੋਂ ਸਾਂਝੇ ਤੌਰ ਉਤੇ ਲਗਾਇਆ ਗਿਆ ਹੈ। ਜੇਕਰ ਸਰਕਾਰ ਨੇ ਟਿੱਪਰ ਮਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦੇ ਹੋਏ ਟਿੱਪਰ ਯੂਨੀਅਨ ਮੁਕੇਰੀਆਂ ਦੇ ਪ੍ਰਧਾਨ ਸੰਦੀਪ ਸਿੰਘ ਸੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰੇਤਾ-ਬੱਜਰੀ 'ਤੇ ਸੱਤ ਸੌ ਰੁਪਏ ਟੈਕਸ ਲਗਾਇਆ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਨੇ ਸਰਕਾਰ ਦੀ ਇਸ ਨੀਤੀ ਸਖਤ ਨਿਖੇਧਈ ਕੀਤੀ। ਸਰਕਾਰ ਟਿੱਪਰ ਮਾਲਕਾਂ ਨਾਲ ਧੱਕੇਸ਼ਾਹੀ ਕਰਕੇ ਆਪਣੀ ਮਰਜ਼ੀ ਨਾਲ ਟੈਕਸ ਲਗਾ ਰਹੀ ਹੈ, ਜਿਸ ਕਾਰਨ ਸਾਰੇ ਟਿੱਪਰ ਮਾਲਕ ਆਪਣੇ ਵਾਹਨ ਸੜਕਾਂ ਦੇ ਕਿਨਾਰੇ ਖੜ੍ਹੇ ਕਰਕੇ ਧਰਨੇ ਉਤੇ ਬੈਠਣ ਲਈ ਮਜਬੂਰ ਹੋਏ ਹਨ। ਸੰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਸੰਘਰਸ਼ ਪੂਰੇ ਪੰਜਾਬ ਪੱਧਰ ਉਤੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਉਹ ਸੜਕਾਂ ਦੇ ਵਿਚਕਾਰ ਧਰਨਾ ਦੇਣ ਲਈ ਮਜਬੂਰ ਹੋਣਗੇ। -PTC News ਇਹ ਵੀ ਪੜ੍ਹੋ : ਖ਼ਤਮ ਹੋਵੇਗਾ ਜਾਂਚ ਅਧਿਕਾਰੀ ਨੂੰ ਅਦਾਲਤ 'ਚ ਬੁਲਾਉਣ ਦਾ ਰਿਵਾਜ, ਏ.ਜੀ. ਨੇ ਡੀ.ਜੀ.ਪੀ. ਨੂੰ ਲਿਖਿਆ ਪੱਤਰ