ਟਿਕਟ ਦੇ ਚਾਹਵਾਨ ਨੇ AAP ‘ਤੇ 20 ਲੱਖ ਰੁਪਏ ਦੀ ਧੋਖਾਧੜੀ ਦਾ ਲਾਇਆ ਦੋਸ਼
ਜਲੰਧਰ: ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਨੂੰ ਪਾਰਟੀ ਟਿਕਟਾਂ ਵੇਚਣ ਦੇ ਲਾਏ ਜਾ ਰਹੇ ਦੋਸ਼ਾਂ ਦੇ ਚੱਲਦਿਆ ਹੀ ਅੱਜ ਜਲੰਧਰ ਕੇਂਦਰੀ ਹਲਕੇ ਤੋਂ ਇੱਕ ਹੋਰ ਟਿਕਟ ਲੈਣ ਦਾ ਦਾਅਵੇਦਾਰ ਸਾਹਮਣੇ ਆਇਆ ਹੈ। ਮਨੋਜ ਪੁੰਜ ਨਾਂਅ ਦੇ ਇਸ ਵਿਅਕਤੀ ਨੇ ਬਹੁਤ ਹੀ ਗੰਭੀਰ ਦੋਸ਼ ਲਗਾਊਨਦਿਆ ਕਿਹਾ ਕਿ ਉਸ ਨੇ ਬੈਂਕ ਵਿੱਚ ਪਏ 7 ਲੱਖ ਰੁਪਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਰਿਸ਼ਤੇਦਾਰ ਦੇ ਖਾਤਿਆਂ ਵਿੱਚ ਪਾਏ ਸਨ।
ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਮਨੋਜ ਪੁੰਜ ਨੇ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਦੇ ਸਨ ਤੇ ਉਨ੍ਹਾਂ ਨੂੰ ਅਜਿਹਾ ਭਰਮਾਇਆ ਕਿ ਉਸ ਕੋਲੋ 13 ਲੱਖ ਦੀ ਨਕਦੀ ਤੇ 7 ਲੱਖ ਬੈਂਕ ਖਾਤਿਆਂ ਵਿੱਚ ਪੈਸੇ ਪੁਆਏ ਸਨ। ਮਨੋਜ ਪੁੰਜ ਨੇ ਅੱਜ ਦੋਸ਼ ਲਾਇਆ ਕਿ ਉਸ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਾਲੇਹਾਰ ਸਰੋਜ ਸਿੰਗਲ ਉਰਫ ਸ਼ਿਖਾ ਗਰਗ ਨੂੰ 20 ਲੱਖ ਰੁਪਏ ਦਿੱਤੇ ਹਨ। “ਕੇਜਰੀਵਾਲ ਦੇ ਸਾਲੇ ਰਾਧੇਸ਼ਾਮ ਨੇ ਉਸ ਨੂੰ ਜਲੰਧਰ ਕੇਂਦਰੀ ਹਲਕੇ ਤੋਂ ‘ਆਪ’ ਦੀ ਟਿਕਟ ਦੇਣ ਦਾ ਭਰੋਸਾ ਦਿੱਤਾ ਅਤੇ ਇਸ ਕਰਕੇ ਉਨ੍ਹਾਂ ਦੀ ਪਤਨੀ ਸ਼ਿਖਾ ਗਰਗ (ਜਿਸ ਦਾ ਸਬੂਤ ਨੱਥੀ ਹੈ) ਦੇ ਬੈਂਕ ਖਾਤੇ ਵਿੱਚ ਛੇ ਲੱਖ ਰੁਪਏ ਅਦਾ ਕੀਤੇ ਅਤੇ ਇੱਕ ਲੱਖ ਰੁਪਏ ਜਮ੍ਹਾ ਕਰਵਾਏ। ਇੱਕ ਹੋਰ ਵਿਅਕਤੀ ਦਿਨੇਸ਼ ਦੇ ਖਾਤੇ ਵਿੱਚ ਸਵਾ ਲੱਖ ਰੁਪਏ ਪਾਏ ਸਨ। ਪੁੰਜ ਨੇ ਕਿਹਾ ਕਿ ਬਾਅਦ ਵਿੱਚ ਸਿਖਾ ਗਰਗ ਨੂੰ ਉਸ ਨੇ 9 ਜੁਲਾਈ 2021 ਨੂੰ ਜਲੰਧਰ ਦੇ ਇੱਕ ਹੋਟਲ ਵਿੱਚ 13 ਲੱਖ ਰੁਪਏ ਨਕਦ ਦਿੱਤੇ ਗਏ।
ਇਸ ਤੋਂ ਬਾਅਦ ਵਿੱਚ, ਉਨ੍ਹਾਂ ਨੇ ਮੇਰਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਜਦੋਂ ਮੈਂ ਉਸ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਾਉਣਗੇ, ਤਾਂ ਉਨ੍ਹਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ। ਪੁੰਜ ਨੇ ਕਿਹਾ ਕਿ ਉਹ ਇੱਕ ਦੋ ਦਿਨਾਂ ਵਿੱਚ ਸਾਰੇ ਦੋਸ਼ੀਆਂ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਟਿਕਟ ਲੈਣ ਲਈ ਉਨ੍ਹਾਂ ਨੇ ਪੈਸੇ ਆਪਣੇ ਪ੍ਰੋਵੀਡੈਂਟ ਫੰਡ ਵਿੱਚੋਂ ਕੱਢਵਾਏ ਸਨ।
ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਪੂਰੀ ਤਰ੍ਹਾਂ ਨਾਲ ‘ਅਪਰਾਧੀਆਂ ਦੀ ਪਾਰਟੀ’ ਵਿੱਚ ਬਦਲ ਹੋ ਗਈ ਹੈ ਅਤੇ ਦਿੱਲੀ ਤੋਂ ਇਸ ਦੇ ਆਗੂ ਪੰਜਾਬ ਵਿੱਚ ‘ਲੁੱਟ’ ਕਰਨ ਆਉਂਦੇ ਹਨ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਇਸ ਘਟਨਾਕ੍ਰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ `ਆਪ` ਪਾਰਟੀ ਦੀਆਂ ਟਿਕਟਾਂ ਵੇਚ ਰਹੀ ਹੈ, ਜਿਸ ਦਾ ਪ੍ਰਗਟਾਵਾ ਜਲੰਧਰ ਪੱਛਮੀ, ਜਲੰਧਰ ਉੱਤਰੀ, ਜਲੰਧਰ ਛਾਉਣੀ ਅਤੇ ਜਲੰਧਰ ਕੇਂਦਰੀ ਦੇ ਉਮੀਦਵਾਰਾਂ ਦੇ ਚਿਹਰਿਆਂ ਤੋਂ ਸਾਫ ਪਤਾ ਲੱਗ ਸਕਦਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਇਹ ਸਿਰਫ ‘ਆਪ’ ਦੇ ਵਲੰਟੀਅਰ ਸਨ, ਜਿਨ੍ਹਾਂ ਨੇ ਦੋਸ਼ ਲਾਇਆ ਕਿ ‘ਆਪ’ ਦੀਆਂ ਟਿਕਟਾਂ ਲੈਣ ਲਈ ਪੈਸੇ ਦਾ ਮੋਟਾ ਲੈਣ-ਦੇਣ ਕੀਤਾ ਜਾਂਦਾ ਹੈ। ਇਹ ਜ਼ਮੀਨੀ ਹਕੀਕਤ ਨਾਲ ਵੀ ਮੇਲ ਖਾਂਦਾ ਹੈ, ਕਿਉਂਕਿ ਨਾ ਸਿਰਫ਼ ਜਲੰਧਰ ਵਿੱਚ ਸਗੋਂ ਪੰਜਾਬ ਦੇ ਕਈ ਹਲਕਿਆਂ ਵਿੱਚ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ `ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਮਹਿੰਗੇ ਪੰਜ ਤਾਰਾਂ ਹੋਟਲਾਂ `ਚ ਰਹਿੰਦੇ ਹਨ ਤੇ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਹਨ।
ਪਰਗਟ ਨੇ ਦੋਸ਼ ਲਾਇਆ ਕਿ `ਆਪ` ਨੇ ਘੱਟੋ-ਘੱਟ 40 ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰਗਟ ਸਿੰਘ ਨੇ ਦੋਸ਼ ਲਾਇਆ, "ਉਹ ਇੱਥੇ ਕਿਸ ਤਰ੍ਹਾਂ ਦਾ ਬਦਲਾਅ ਲਿਆਉਣਾ ਚਾਹੁੰਦੇ ਹਨ? ਉਹ ਇੱਥੇ ਪੰਜਾਬ ਨੂੰ ਸਿਰਫ਼ ਲੁੱਟਣ ਲਈ ਹੀ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਵੱਡੇ ਘਰਾਂ ਵਿੱਚ ਰਹਿੰਦਾ ਹੈ। ਦਿੱਲੀ ਦੇ ਮੁੱਖ ਮੰਤਰੀ ਦੀ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵੱਧ ਤਨਖਾਹ ਹੈ। ਪਰਗਟ ਸਿੰਘ ਕਿਹਾ ਕਿ ਪੰਜਾਬ `ਚ ਆਪ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ‘ਤੇੇ 500 ਕਰੋੜ ਰੁਪਏ ਖਰਚ ਕਰਨ ਦੇ ਦੋਸ਼ ਲੱਗਦੇ ਹਨ।ਉਨ੍ਹਾਂ ਕਿਹਾ ਕਿ "ਇਹ ਪੈਸਾ ਕਿੱਥੋਂ ਆਇਆ? ਕੀ ਆਪ ਆਗੂ ਭਗਵੰਤ ਮਾਨ ਕੋਲ ਇੰਨਾ ਪੈਸਾ ਹੈ? ਉਨ੍ਹਾਂ ਨੇ ਦਿੱਲੀ ਲੁੱਟਣ ਤੋਂ ਬਾਅਦ ਇਹ ਪੈਸਾ ਲਿਆ ਅਤੇ ਕੱਲ੍ਹ ਨੂੰ ਉਹ ਪੰਜਾਬ ਨੂੰ ਲੁੱਟਣਗੇ।" ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ `ਸਟੇਜ ਚਲਾ ਸਕਦਾ ਹੈ ਸਟੇਟ ਨਹੀਂ।
-PTC News