ਬਿਜਲੀ ਦੀ ਮੰਗ ਘੱਟਣ ਕਾਰਨ ਵੱਖ-ਵੱਖ ਥਰਮਲ ਪਲਾਂਟਾਂ ਦੇ ਤਿੰਨ ਯੂਨਿਟ ਕੀਤੇ ਬੰਦ
ਪਟਿਆਲਾ : ਬੀਤੇ ਦਿਨ ਪੰਜਾਬ ਵਿੱਚ ਪਏ ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਪੰਜਾਬ ਦੇ ਪਾਵਰਕਾਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਘੱਟਣ ਕਾਰਨ ਥਰਮਲ ਪਲਾਟਾਂ ਉਤੇ ਬੋਝ ਘੱਟ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਸੀ। ਇਕ ਸਮੇਂ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਪੰਜ ਯੂਨਿਟ ਬੰਦ ਹੋ ਗਏ ਸਨ ਜਿਸ ਕਾਰਨ ਅਣਐਲਾਨੇ ਕੱਟਾਂ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਬਿਜਲੀ ਦੀ ਮੰਗ ਘੱਟਣ ਕਾਰਨ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਠਿੰਡਾ ਦੇ ਲਹਿਰਾ ਮੁਹੱਬਤ ਦਾ ਵੀ 1 ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਸੀ ਅਤੇ ਕਿਸਾਨਾਂ ਨੂੰ ਵੀ ਲੋੜੀਂਦਾ ਪਾਣੀ ਮੀਂਹ ਦੇ ਰਾਹੀਂ ਪ੍ਰਾਪਤ ਹੋ ਗਿਆ ਜਿਸ ਦੇ ਚੱਲਦਿਆਂ ਬਿਜਲੀ ਦੀ ਮੰਗ ਵਿਚ ਬੀਤੀ ਸ਼ਾਮ 2 ਹਜ਼ਾਰ ਮੈਗਾਵਾਟ ਦੀ ਕਮੀ ਆ ਗਈ ਸੀ। ਅੱਜ ਸਵੇਰੇ ਬਿਜਲੀ ਦੀ ਮੰਗ 75 ਸੌ ਮੈਗਾਵਾਟ ਤਕ ਦਰਜ ਕੀਤੀ ਗਈ ਜੋ ਕਿ ਪਿਛਲੇ ਦਿਨਾਂ ਨਾਲੋਂ 12 ਸੌ ਮੈਗਾਵਾਟ ਘੱਟ ਹੈ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਅਜੇ ਤਕ ਨਹੀਂ ਚੱਲ ਸਕਿਆ ਜੋ ਕਿ ਮੁਰੰਮਤ ਕਰ ਕੇ ਬੰਦ ਕੀਤਾ ਗਿਆ ਸੀ। ਕੋਲੇ ਦੀ ਕਮੀ ਕਾਰਨ ਗੋਇੰਦਵਾਲ ਸਾਹਿਬ ਦਾ ਇਕ ਯੂਨਿਟ ਅਜੇ ਵੀ ਬੰਦ ਹੈ। ਕੁੱਲ ਮਿਲਾ ਕੇ ਪੰਜਾਬ ਦੇ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 5 ਯੂਨਿਟ ਬੰਦ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਨਾ ਆਉਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ। ਪੂਰੇ ਪੰਜਾਬ ਵਿੱਚ ਲੋਕ ਬਿਜਲੀ ਗਰਿੱਡਾਂ ਦੇ ਅੱਗੇ ਧਰਨੇ ਲਗਾ ਰਹੇ ਸਨ। ਇਸ ਤੋਂ ਇਲਾਵਾ ਪਾਵਰਕਾਮ ਨੇ ਵੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ ਤੇ ਪਿੰਡਾਂ ਵਿੱਚ ਮੁਨਿਆਦੀ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਵੀ ਪੜ੍ਹੋ : ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ