ਐਬੂਲੈਂਸ ਵੈਨ ਦੀ ਆੜ 'ਚ ਅਫੀਮ ਲਿਜਾ ਰਹੇ ਤਿੰਨ ਦਬੋਚੇ
ਮੁਹਾਲੀ : ਮੁਹਾਲੀ ਪੁਲਿਸ ਨੇ ਐਬੂਲੈਂਸ ਵੈਨ ਦੀ ਆੜ ਵਿੱਚ ਅਫੀਮ ਦੀ ਸਮੱਗਲਿੰਗ ਕਰ ਰਹੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਵੇਕਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਏਐਸ ਨਗਰ ਨੇ ਦੱਸਿਆ ਕਿ ਮੁਹਾਲੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਅਮਨਦੀਪ ਸਿੰਘ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸਏਐਸ ਨਗਰ ਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸਏਐਸ ਨਗਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ਪਿੰਡ ਦੱਪਰ ਨੇੜੇ ਟੋਲ ਪਲਾਜ਼ਾ ਉਤੇ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਇਕ ਐਬੂਲੈਂਸ ਵੈਨ ਜੋ ਕਿ ਅੰਬਾਲਾ ਸਾਈਡ ਤੋਂ ਆ ਰਹੀ ਸੀ, ਨੂੰ ਰੋਕਿਆ ਗਿਆ। ਇਸ ਐਬੂਲੈਂਸ ਵਿੱਚ ਇੱਕ ਵਿਅਕਤੀ ਸੀਟ ਉਤੇ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ, ਦੂਜਾ ਵਿਅਕਤੀ ਉਸ ਨਾਲ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ ਤੇ ਡਰਾਈਵਰ ਸੀ ਪਰ ਐਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰ ਕੇ ਅਤੇ ਨਾ ਹੀ ਕੋਈ ਆਕਸੀਜਨ ਸਿਲੰਡਰ, ਨਾ ਹੀ ਫਸਟ-ਏਡ ਕਿੱਟ ਲੱਗੀ ਹੋਈ ਸੀ। ਇਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਐਬੂਲੈਂਸ ਵੈਨ ਨੂੰ ਚੈਕ ਕਰਨ ਉਤੇ ਮਰੀਜ਼ ਦੇ ਸਿਰ ਥੱਲੇ ਲਏ ਹੋਏ ਸਰਹਾਣੇ ਦੀ ਤਲਾਸ਼ੀ ਲੈਣ ਉਤੇ ਉਸ ਵਿੱਚ ਕੁੱਲ 8 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵੀ ਸ਼੍ਰੀਵਾਸਤਵ (28 ਸਾਲ) ਪੁੱਤਰ ਰਾਕੇਸ਼ ਖਾਬੂ ਵਾਸੀ ਪਿੰਡ ਮੋਰਾ ਨੇੜੇ ਪੁਲਿਸ ਚੌਕੀ ਖਾਣਾ ਸ਼ਹਿਜਾਦਨਗਰ ਜ਼ਿਲ੍ਹਾ ਰਾਮਪੁਰ (ਯੂ.ਪੀ) ਹਾਲ ਵਾਸੀ ਕਿਰਾਏਦਾਰ ਰਾਮਦਰਬਾਰ, ਚੰਡੀਗੜ੍ਹ, ਹਰਿੰਦਰ ਸ਼ਰਮਾ (47 ਸਾਲ) ਪੁੱਤਰ ਰਾਮ ਕਰਨ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਗਰਾਓਂ ਜ਼ਿਲ੍ਹਾ ਐਸਏਐਸ ਨਗਰ, ਅੰਕੁਸ਼ ਪੁੱਤਰ ਪਰਮਜੀਤ ਵਾਸੀ ਨੇੜੇ ਆਟਾ ਚੱਕੀ ਪਿੰਡ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਪੁਲਿਸ ਉਕਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਪੁਲਿਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹ ਵੀ ਪੜ੍ਹੋ : STF ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਕੀਤਾ ਗ੍ਰਿਫ਼ਤਾਰ