ਸਰਕਾਰੀ ਸਕੂਲ ਦੀਆਂ ਤਿੰਨ ਨਾਬਾਲਿਗ ਵਿਦਿਆਰਥਣਾਂ ਭੇਦਭਰੀ ਹਾਲਤ 'ਚ ਲਾਪਤਾ
ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਤਿੰਨ ਨਾਬਾਲਿਗ ਵਿਦਿਆਰਥਣਾਂ ਭੇਦਭਰੀ ਹਾਲਤ 'ਚ ਲਾਪਤਾ ਹੋ ਗਈਆਂ। ਨਾਬਾਲਿਗ ਕੁੜੀਆਂ ਦੇ ਲਾਪਤਾ ਹੋਣ ਨਾਲ ਸਕੂਲ ਤੇ ਪਿੰਡ ਵਿਚ ਸਹਿਮ ਦਾ ਮਾਹੌਲ ਛਾ ਗਿਆ। ਪਿੰਡ ਬਾੜੀਆਂ ਕਲਾਂ ਤੇ ਬਾੜੀਆਂ ਖ਼ੁਰਦ ਦੀਆਂ ਤਿੰਨੋਂ ਵਿਦਿਆਰਥਣਾਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਕੂਲ ਗਈਆਂ ਸਨ ਜਿਥੋਂ ਉਹ ਲਾਪਤਾ ਹੋ ਗਈਆਂ। ਲਾਪਤਾ ਵਿਦਿਆਰਥਣਾਂ ਵਿੱਚੋਂ ਦੋ ਨੌਵੀਂ ਤੇ ਇਕ 8ਵੀਂ ਜਮਾਤ ਦੀ ਵਿਦਿਆਰਥਣ ਹੈ। ਲੜਕੀਆਂ ਦੇ ਮਾਤਾ-ਪਿਤਾ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਲੜਕੀਆਂ ਨੈਂਸੀ ਪੁੱਤਰੀ ਸੁਰਜੀਤ ਕੁਮਾਰ ਵਾਸੀ ਬਾੜੀਆਂ ਕਲਾਂ, ਪ੍ਰਿਆ ਪੁੱਤਰੀ ਰਾਕੇਸ਼ ਕੁਮਾਰ ਵਾਸੀ ਬਾੜੀਆਂ ਖ਼ੁਰਦ, ਬਿੱਟੂ ਕੁਮਾਰੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਬਾੜੀਆਂ ਕਲਾਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਘਰੋਂ ਸਕੂਲ ਨੂੰ ਗਈਆਂ ਸਨ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਜਦੋਂ ਤਿੰਨੋਂ ਵਿਦਿਆਰਥਣਾਂ ਗ਼ੈਰਹਾਜ਼ਰ ਮਿਲੀਆਂ ਤਾਂ ਉਨ੍ਹਾਂ ਨੇ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਫ਼ੋਨ ਕੀਤਾ। ਪਰਿਵਾਰ ਵਾਲਿਆਂ ਨੇ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀਆਂ ਲੜਕੀਆਂ ਸਮੇਂ ਸਿਰ ਘਰੋਂ ਸਕੂਲ ਗਈਆਂ ਸਨ ਪਰ ਕੁੜੀਆਂ ਸਕੂਲ ਨਹੀਂ ਪੁੱਜੀਆਂ ਤੇ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈਆਂ। ਘਰੋਂ ਜਾਂਦੇ ਸਮੇਂ ਲੜਕੀਆਂ ਆਪਣੇ-ਆਪਣੇ ਆਧਾਰ ਕਾਰਡ ਵੀ ਨਾਲ ਲੈ ਕੇ ਗਈਆਂ ਸਨ। ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਇੰਸਪੈਕਟਰ ਸਣੇ ਪ੍ਰਾਈਵੇਟ ਏਜੰਟ ਗ੍ਰਿਫ਼ਤਾਰ, 12.50 ਲੱਖ ਰੁਪਏ ਦੀ ਰਿਸ਼ਵਤ ਬਰਾਮਦ ਵਿਦਿਆਰਥਣਾਂ ਦੇ ਲਾਪਤਾ ਹੋਣ ਨਾਲ ਮਾਪੇ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੇ ਪੁਲਿਸ ਨੂੰ ਤੁਰੰਤ ਧੀਆਂ ਨੂੰ ਲੱਭਣ ਦੀ ਅਪੀਲ ਕੀਤੀ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਘੋਖ ਕਰ ਰਹੀ ਹੈ। ਥਾਣਾ ਚੱਬੇਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News