ਥਰਮਲ ਪਲਾਂਟ ਰੂਪਨਗਰ 'ਚ ਤਿੰਨ ਮੁਲਾਜ਼ਮ ਬੁਰੀ ਤਰ੍ਹਾਂ ਝੁਲਸੇ
ਰੂਪਨਗਰ : ਸ਼ਨਿੱਚਰਵਾਰ ਨੂੰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਹਾਦਸਾ ਵਾਪਰ ਗਿਆ। ਇਸ ਕਾਰਨ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਅੱਜ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਬੰਦ ਯੂਨਿਟ ਦੀ ਸਫ਼ਾਈ ਕਰਦੇ ਸਮੇਂ 3 ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿਥੇ ਤਿੰਨੋਂ ਮੁਲਾਜ਼ਮ ਜ਼ੇਰੇ ਇਲਾਜ ਹਨ। ਜਗਦੀਸ਼ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਥਲੀ ਖੁਰਦ, ਅਮਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਭਰਤਗੜ੍ਹ ਤੇ ਨੰਦ ਲਾਲ ਪੁੱਤਰ ਰਾਮ ਕਮਲ 21 ਜੁਲਾਈ ਤੋਂ ਬੰਦ ਯੂਨਿਟ ਨੰਬਰ 6 ਦੇ ਬੁਆਇਲਰ ਦੀ ਸਾਫ਼-ਸਫ਼ਾਈ ਕਰ ਰਹੇ ਸਨ। ਇਸ ਦੌਰਾਨ ਮੁਲਾਜ਼ਮਾਂ ਉਪਰ ਗਰਮ ਪਾਣੀ ਪੈ ਗਿਆ। ਇਸ ਕਾਰਨ ਤਿੰਨੋਂ ਮੁਲਾਜ਼ਮ ਬੁਰੀ ਤਰ੍ਹਾਂ ਝੁਲਸੇ ਗਏ। ਜ਼ਖ਼ਮੀ ਮੁਲਾਜ਼ਮਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਹੈ। ਜਿਥੋਂ ਤਿੰਨੋਂ ਜ਼ੇਰੇ ਇਲਾਜ ਹਨ। ਪੁਲਿਸ ਚੌਕੀ ਘਨੌਲੀ ਦੇ ਮੁਲਾਜ਼ਮ ਜਤਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਸੂਚਨਾ ਮਿਲਣ ਉਪਰੰਤ ਤਫਤੀਸ਼ੀ ਅਧਿਕਾਰੀ ਏਐੱਸਆਈ ਕਮਲ ਕਿਸ਼ੋਰ ਨੂੰ ਘਟਨਾ ਦੀ ਜਾਣਕਾਰੀ ਲੈਣ ਲਈ ਸਿਵਲ ਹਸਪਤਾਲ ਰੂਪਨਗਰ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 14 ਮਈ ਨੂੰ ਪੰਜਾਬ ਦੇ ਬਠਿੰਡਾ ਸਥਿਤ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰ ਮੁਹੱਬਤ ਦੇ ਯੂਨਿਟ ਨੰਬਰ 2 ਦਾ ਈ.ਐਸ.ਪੀ. ਟੁੱਟ ਗਿਆ ਸੀ। ਇਸ ਤੋਂ ਬਾਅਦ 420 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋ ਗਿਆ ਸੀ। ਗਰਮ ਸੁਆਹ ਦੀ ਲਪੇਟ 'ਚ ਆਉਣ ਕਾਰਨ ਦੋ ਮੁਲਾਜ਼ਮ ਝੁਲਸ ਗਏ ਹਨ। ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਸੁਆਹ ਨਾਲ ਭਰੇ ਈ.ਐਸ.ਪੀ. ਖੰਭੇ ਬੈਠ ਗਏ ਸਨ। ਅੱਗ ਦੀ ਗਰਮੀ ਕਾਰਨ ਦੋ ਮੁਲਾਜ਼ਮਾਂ ਦੇ ਪੈਰ ਵੀ ਸੜ ਗਏ ਸਨ। ਈ.ਐਸ.ਪੀ. ਸੁਆਹ ਨਾਲ ਭਰੀ ਹੋਈ ਸੀ ਤੇ ਇਸ ਦੀ ਨਿਕਾਸੀ ਰੋਕ ਦਿੱਤੀ ਗਈ ਸੀ। ਰਾਤ ਨੂੰ ਅਚਾਨਕ ਵਾਪਰੇ ਇਸ ਹਾਦਸੇ ਕਾਰਨ ਪੂਰੇ ਪਲਾਂਟ ਵਿੱਚ ਹਫੜਾ-ਦਫੜੀ ਮਚ ਗਈ ਸੀ। ਇਸ ਦੌਰਾਨ ਜਦੋਂ ਪਲਾਂਟ ਦੇ ਦੋ ਮੁਲਾਜ਼ਮ ਈ.ਐਸ.ਪੀ. ਕੋਲ ਆਏ ਤਾਂ ਗਰਮ ਸੁਆਹ ਕਾਰਨ ਉਨ੍ਹਾਂ ਦੇ ਪੈਰ ਝੁਲਸ ਗਏ ਸਨ। ਉਸ ਨੂੰ ਹਸਪਤਾਲ ਲਿਜਾਣਾ ਪਿਆ ਸੀ। ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ, ਵੱਖ-ਵੱਖ ਸ਼੍ਰੇਣੀਆਂ ਲਈ ਮਾਪਦੰਡ ਜਾਰੀ