ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮਿਲਿਆ ਧਮਕੀ ਭਰਿਆ ਪੱਤਰ, ਸੁਰੱਖਿਆ ਸਖ਼ਤ
ਲੁਧਿਆਣਾ: ਪੰਜਾਬ ਵਿਚ ਅਕਸਰ ਹੁਣ ਕਿਸੇ ਨਾ ਕਿਸੇ ਜ਼ਿਲ੍ਹੇ ਤੋਂ ਧਮਕੀਆਂ ਭਰੇ ਪੱਤਰ ਮਿਲਣ ਦੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜਾ ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਰੇਲਵੇ ਸਟੇਸ਼ਨ 'ਤੇ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਮਗਰੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜੀਆਰਪੀ ਲੁਧਿਆਣਾ ਨੇ ਸੁਰੱਖਿਆ ਵਧਾ ਦਿੱਤੀ ਹੈ। ਜੀਆਰਪੀ ਲੁਧਿਆਣਾ ਦੀ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਧਮਕੀ ਭਰਿਆ ਪੱਤਰ ਮਿਲਿਆ ਸੀ। ਜਿਸ ਤੋਂ ਬਾਅਦ ਲੋਕਲ ਪੁਲਿਸ ਨਾਲ ਮਿਲ ਕੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ। ਦੱਸ ਦੇਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ ਬਾਰੇ ਧਮਕੀ ਤੋਂ ਬਾਅਦ ਪਟਿਆਲਾ ਰੇਲਵੇ ਸਟੇਸ਼ਨ 'ਤੇ ਵੀ ਰੇਲਵੇ ਪੁਲਸ ਵਲੋਂ ਚੈਕਿੰਗ ਸ਼ੁਰੂ ਹੋ ਗਈ ਹੈ। ਦਰਅਸਲ ਇਹ ਪਹਿਲੀ ਵਾਰ ਨਹੀਂ ਹੈ ਕਿਸੇ ਰੇਲਵੇ ਸਟੇਸ਼ਨ 'ਤੇ ਅਜਿਹਾ ਧਮਕੀ ਭਰਿਆ ਪੱਤਰ ਮਿਲਿਆ ਹੋਵੇ। ਇਸ ਤੋਂ ਪਹਿਲਾਂ 27 ਅਪਰੈਲ 2022, ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸ਼ਟੇਸ਼ਨ ਤੋਂ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ। ਇਹ ਚਿੱਠੀ ਇੱਥੇ ਦੇ ਸਟੇਸ਼ਨ ਮਾਸਟਰ ਨੂੰ ਮਿਲੀ ਸੀ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਜਲੰਧਰ ਦੇ ਦੇਵੀ ਤਲਾਬ ਮੰਦਰ, ਪਟਿਆਲਾ ਦੇ ਕਾਲੀ ਮਾਤਾ ਮੰਦਰ, ਜਲੰਧਰ ਰੇਲਵੇ ਸਟੇਸ਼ਨ ਅਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲੀ ਸੀ। ਇਹ ਚਿੱਠੀ ਜੈਸ਼-ਏ-ਮੁਹੰਮਦ ਵੱਲੋਂ ਦੱਸੀ ਜਾ ਰਹੀ ਸੀ। ਇਹ ਵੀ ਪੜ੍ਹੋ:ਬਿਜਲੀ ਚੋਰੀ ਕਰਨ ਵਾਲਿਆਂ 'ਤੇ ਪਾਵਰਕਾਮ ਦੀ ਵੱਡੀ ਕਾਰਵਾਈ, 72 ਲੱਖ ਤੋਂ ਵਧੇਰੇ ਲਗਾਏ ਜੁਰਮਾਨੇ ਗੌਰਤਲਬ ਹੈ ਕਿ ਪਾਕਿਸਤਾਨ ਹਮਾਇਤੀ ਅੱਤਵਾਦੀ ਜਥੇਬੰਦੀ ਜੈਸ਼ -ਏ-ਮੁਹੰਮਦ ਵੱਲੋਂ ਜਲੰਧਰ ਸਮੇਤ ਲਗਪਗ ਇਕ ਦਰਜਨ ਰੇਲਵੇ ਸਟੇਸ਼ਨਾਂ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਨਦਾਰਦ ਰਹੀ ਤੇ ਕਿਸੇ ਤਰ੍ਹਾਂ ਦੀ ਅੱਤਵਾਦੀ ਘਟਨਾ ਨਹੀਂ ਹੋਈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਧਮਕੀ ਜਾਅਲੀ ਸੀ। -PTC News