ਜ਼ਿੰਦਗੀ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਵਾਲੇ ਹੀ ਨਾਇਕ ਬਣਦੇ : ਡਾ. ਬਲਜੀਤ ਕੌਰ
ਬਠਿੰਡਾ : ਨਾਟਕ ਨੂੰ ਸਮਝਣ ਲਈ ਸਮੇਂ ਦੀ ਲੋੜ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੀਤੀ ਰਾਤ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਚ ਚੱਲ ਰਹੇ 15 ਰੋਜ਼ਾ ਨਾਟਿਅਯ ਨੈਸ਼ਨਲ ਥੀਏਟਰ ਫੈਸਟੀਵਲ ਦੀ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਦਲਜੀਤ ਸਿੰਘ ਵਿਸ਼ੇਸ਼ ਤੌਰ ਉਤੇ ਮੌਜੂਦ ਰਹੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਅਸੀਂ ਸਭ ਆਪਣਾ-ਆਪਣਾ ਰੋਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਇਕ ਅਸੂਲ ਹੈ ਜ਼ਿੰਦਗੀ ਸਭ ਦਾ ਇਮਤਿਹਾਨ ਲੈਂਦੀ ਹੈ। ਇਨ੍ਹਾਂ ਇਮਤਿਹਾਨਾਂ ਵਿੱਚੋਂ ਦੀ ਲੰਘਦੇ-ਲੰਘਦੇ ਜ਼ਿੰਦਗੀ ਇਕ ਨਾਟਕ ਦਾ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਛੋਟੇ-ਵੱਡੇ ਉਤਰਾਅ ਚੜ੍ਹਾਅ ਆਉਂਦੇ-ਜਾਂਦੇ ਰਹਿੰਦੇ ਹਨ, ਇਨ੍ਹਾਂ ਛੋਟੇ-ਵੱਡੇ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਕਰਦੇ-ਕਰਦੇ ਅਸੀਂ ਜ਼ਿੰਦਗੀ ਦੇ ਨਾਇਕ ਬਣ ਜਾਂਦੇ ਹਾਂ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਸ਼ਹਿਰ ਭੁਪਾਲ ਤੋਂ ਆਈ ਨਾਟਕ ਦੀ ਟੀਮ ਵੱਲੋਂ "ਪਲੀਜ਼ ਮੱਤ ਜਾਓ" ਨਾਟਕ ਦੀ ਪੇਸ਼ਕਾਰੀ ਕੀਤੀ ਗਈ, ਜੋ ਕਿ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਹ ਵੀ ਪੜ੍ਹੋ : ਮੰਡੀ 'ਚ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਹੋ ਰਹੇ ਨੇ ਖੱਜਲ-ਖੁਆਰ, ਦਾਅਵੇ ਹੋਏ ਖੋਖਲੇ ਸਾਬਤ ਕਲਾਕਾਰਾਂ ਵੱਲੋਂ ਖੇਡੇ ਗਏ ਨਾਟਕ "ਪਲੀਜ਼ ਮੱਤ ਜਾਓ" ਨੇ ਦਰਸ਼ਕਾਂ ਤੋਂ ਕਾਫ਼ੀ ਪਿਆਰ ਬਟੋਰਿਆ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਨਾਟਕ ਦੀ ਟੀਮ ਅਤੇ ਹੋਰ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ, ਜਨਰਲ ਮੈਨੇਜਰ ਉਦਯੋਗ ਪ੍ਰੀਤ ਮਹਿੰਦਰ ਸਿੰਘ ਬਰਾੜ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਬਲਕਰਨ ਸਿੰਘ ਮਾਹਲ ਤੋਂ ਇਲਾਵਾ ਭਾਰੀ ਗਿਣਤੀ 'ਚ ਦਰਸ਼ਕ ਮੌਜੂਦ ਸਨ। -PTC News