ਗੁਰਦਾਸਪੁਰ 'ਚ ਚੋਰਾਂ ਨੇ ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ
ਗੁਰਦਾਸਪੁਰ: ਗੁਰਦਾਸਪੁਰ ਦੇ ਮੁਹੱਲਾ ਗੋਪਾਲ ਨਗਰ ਵਿਖੇ ਚੋਰਾਂ ਵੱਲੋਂ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਕਿਸੇ ਸੁੰਨਸਾਨ ਵਾਲੇ ਮੁਹੱਲੇ ਵਿੱਚ ਨਹੀਂ ਬਲਕਿ ਉਸ ਮੁਹੱਲੇ ਵਿਚ ਹੋਈ ਹੈ ਜਿੱਥੇ ਚਾਰੋਂ ਪਾਸੇ ਘਰ ਹੀ ਘਰ ਹਨ। ਦਿਨ-ਦਿਹਾੜੇ ਚੋਰ ਨੇ ਇੱਕ ਘਰ ਵਿੱਚੋਂ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਅਤੇ 6 ਤੋਲੇ ਸੋਨੇ ਅਤੇ 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਇਸ ਬਾਰੇ ਰਾਜੇਸ਼ ਭੰਡਾਰੀ ਨੇ ਦੱਸਿਆ ਕਿ ਮੁਹੱਲਾ ਗੋਪਾਲ ਨਗਰ ਵਿਖੇ ਹੈਲਪ ਕਲੱਬ ਵਾਲੀ ਗਲੀ ਵਿੱਚ ਰਹਿੰਦੇ ਹਾਂ। ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਉਹ ਕਿਸੇ ਕੰਮ ਲਈ ਪਠਾਨਕੋਟ ਗਏ ਸਨ। ਸ਼ਾਮ ਪੰਜ ਵਜੇ ਜਦੋਂ ਉਹ ਘਰ ਵਾਪਸ ਆਏ ਤਾਂ ਗੇਟ ਦਾ ਬਾਹਰ ਦਾ ਤਾਲਾ ਉਂਝ ਹੀ ਲੱਗਿਆ ਹੋਇਆ ਸੀ। ਉਨ੍ਹਾਂ ਨੇ ਤਾਲਾ ਖੋਲਿਆ ਤਾਂ ਗੇਟ ਅੰਦਰੋਂ ਬੰਦ ਸੀ। ਉਨ੍ਹਾਂ ਨੂੰ ਇਸ ਤੇ ਹੀ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਕ ਮੁੰਡਾ ਕੰਧ ਟਪਾ ਕੇ ਅੰਦਰ ਭੇਜਿਆ ਤੇ ਗੇਟ ਖੁੱਲ੍ਹਵਾਇਆ। ਉਨ੍ਹਾਂ ਨੇ ਦੱਸਿਆ ਹੈ ਕਿ ਅੰਦਰ ਵੜਦੇ ਹੀ ਵੇਖਿਆ ਕਿ ਦਰਵਾਜ਼ਿਆਂ ਦੇ ਸਾਰੇ ਲਾਕ ਟੁੱਟੇ ਹੋਏ ਸੀ। ਪੜਤਾਲ ਕਰਨ ਉੱਤੇ ਪਤਾ ਲੱਗਿਆ ਕਿ ਚੋਰ ਅੰਦਰ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਲਗਭਗ ਸਵਾ ਲੱਖ ਰੁਪਏ ਦੇ ਕਰੀਬ ਨਗਦੀ, 6 ਤੋਲੇ ਸੋਨੇ ਦੇ ਗਹਿਣੇ ਅਤੇ 12 ਤੋਲੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜੇਸ਼ ਭੰਡਾਰੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨਾਂ ਦੇ ਘਰ ਚੋਰੀ ਹੋ ਗਈ ਹੈ। ਉਹ ਮੌਕੇ ਉੱਤੇ ਪਹੁੰਚੇ ਹਨ ਅਤੇ ਰਾਜੇਸ਼ ਭੰਡਾਰੀ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਦਾ ਦਾਅਵਾ ਹੈ ਕਿ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ। ਇਹ ਵੀ ਪੜ੍ਹੋ:ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ -PTC News