ਆਮ ਆਦਮੀ ਪਾਰਟੀ 'ਚ ਹੋਵੇਗੀ ਵੱਡੀ ਹਲਚਲ : ਮਜੀਠੀਆ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਕਿਹਾ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਨ। ਇਸ ਮੌਕੇ ਉਨ੍ਹਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮਗਰੋਂ ਸੀਨੀਅਰ ਅਕਾਲੀ ਆਗੂ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਹਾਲਾਤ ਬਾਰੇ ਕਿਹਾ ਕਿ 'ਆਲ ਇਜ ਨਾਟ ਵੈੱਲ' ਕਿਉਂਕਿ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਵੀ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੇ ਉਲਟ ਬਿਆਨ ਦੇ ਰਹੇ ਹਨ। ਮੁੱਖ ਮੰਤਰੀ ਨੇ ਪਹਿਲਾਂ ਅਗਨੀਪੱਥ ਖ਼ਿਲਾਫ਼ ਵਿਧਾਨ ਸਭਾ 'ਚ ਮਤਾ ਲਿਆਂਦਾ ਤੇ ਬਾਅਦ 'ਚ ਡੀਸੀਜ਼ ਨੂੰ ਪੱਤਰ ਲਿਖ ਕੇ ਕਿਹਾ ਕਿ ਅਗਨੀਪੱਥ ਦੀ ਭਰਤੀ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਜਿਵੇਂ ਹਰਪਾਲ ਚੀਮਾ ਦੇ ਬਿਆਨ ਆ ਰਹੇ ਹਨ ਤਾਂ ਇਸ ਨਾਲ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਵੱਡੀ ਹਲਚਲ ਨਜ਼ਰ ਆਵੇਗੀ। ਇਹ ਵੀ ਪੜ੍ਹੋ : ਪਰਾਲੀ ਸਾੜਨ ਨੂੰ ਲੈਕੇ ਸਰਕਾਰ ਸਖ਼ਤ, ਕਿਸਾਨੀ ਕਰਨ ਵਾਲੇ ਵੀਰ ਜ਼ਰੂਰ ਪੜ੍ਹਨ ਭਗਵੰਤ ਮਾਨ ਦੇ ਜਰਮਨੀ ਹਵਾਈ ਅੱਡੇ 'ਤੇ ਹੋਏ ਹੰਗਾਮੇ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸੱਦੇ ਗਏ ਇਜਲਾਸ ਵਿਚ ਮੁੱਖ ਮੰਤਰੀ ਨਾ ਪੁੱਜਣ ਇਸ ਦੇ ਸਾਫ਼ ਸੰਕੇਤ ਹਨ ਕਿ ਕੋਈ ਗੜਬੜ ਜ਼ਰੂਰ ਹੈ। ਮੁੱਖ ਮੰਤਰੀ ਮਾਨ ਦੀ ਜਰਮਨੀ ਫੇਰੀ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ BMW ਨੇ ਪੰਜਾਬ 'ਚ ਨਿਵੇਸ਼ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ 'ਚ ਜਾਣ 'ਤੇ ਵਧਾਈ ਦਿੱਤੀ। ਉਪਰੰਤ ਬਿਕਰਮ ਸਿੰਘ ਮਜੀਠੀਆ ਗੁਰੂਦੁਆਰਾ ਜਨਮ ਅਸਥਾਨ ਛੇਵੀਂ ਪਾਤਸ਼ਾਹੀ ਗੁਰੂ ਕੀ ਵਡਾਲੀ ਵਿਖੇ ਨਤਮਸਤਕ ਹੋਏ। ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟੇਵਿਡ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ ਸਮੇਤ ਅਨੇਕਾਂ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ। -PTC News