ਰਾਜਿੰਦਰਾ ਹਸਪਤਾਲ 'ਚ ਲਾਸ਼ ਲਿਜਾਉਣ ਲਈ ਨਹੀਂ ਸੀ ਵਾਹਨ, ਐਨਜੀਓ ਮੈਂਬਰ ਨੇ ਮੁਹੱਈਆ ਕਰਵਾਈ ਗੱਡੀ
ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਔਰਤ ਦੀ ਲਾਸ਼ ਨੂੰ ਲੁਧਿਆਣਾ ਲਿਜਾਉਣ ਲਈ ਹਸਪਤਾਲ ਵਿਚ ਕੋਈ ਵੈਨ ਨਾ ਹੋਣ ਕਾਰਨ ਬੀਤੀ ਰਾਤ ਇਕ ਐਨਜੀਓ ਦੇ ਮੈਂਬਰ ਨੇ ਲਾਸ਼ ਨੂੰ ਸਨਅਤੀ ਸ਼ਹਿਰ ਲਿਜਾਣ ਲਈ ਆਪਣੀ ਐਸਯੂਵੀ ਇਨੋਵਾ ਮੁਹੱਈਆ ਕਰਵਾਈ।
ਇਕ ਔਰਤ ਦੀ ਮੌਤ ਹੋਣ ਮਗਰੋਂ ਰਾਜਿੰਦਰਾ ਹਸਪਤਾਲ ਵਿਚੋਂ ਲਾਸ਼ ਲਿਜਾਉਣ ਲਈ ਕੋਈ ਵੀ ਵਾਹਨ ਮੁਹੱਈਆ ਨਹੀਂ ਸੀ। ਡਿਊਟੀ ਉਤੇ ਤਾਇਨਾਤ ਡਾਕਟਰ ਨੇ ਫਿਰ ਪਰਿਵਾਰ ਦੀ ਮਦਦ ਲਈ ਇਕ ਐਨਜੀਓ ਨੂੰ ਫੋਨ ਕੀਤਾ। ਐਨਜੀਓ ਚਲਾਉਣ ਵਾਲੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਐਬੂਲੈਂਸ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਤ ਹੋਣ ਕਾਰਨ ਕਿਸੇ ਵੀ ਡਰਾਈਵਰ ਨੇ ਫੋਨ ਨਹੀਂ ਚੁੱਕਿਆ। ਇਸ ਮਗਰੋਂ ਐਸਯੂਵੀ ਦੇ ਡਰਾਈਵਰ ਨੂੰ ਸਵੈ-ਇੱਛੁਕ ਤੌਰ ਉਤੇ ਤਿਆਰ ਗੱਡੀ ਲਿਜਾਉਣ ਲਈ ਤਿਆਰ ਕੀਤਾ ਗਿਆ।
ਇਹ ਵੀ ਪੜ੍ਹੋ : ਬਿਜਲੀ ਵਾਲੇ ਟਾਵਰਾਂ 'ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ, ਭਰਤੀ ਪ੍ਰੀਖਿਆ ਰੱਦ ਕਰਨ ਦੀ ਕੀਤੀ ਮੰਗ
ਔਰਤ ਨੂੰ ਸਰਕਾਰੀ ਐਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਸੀ ਹਾਲਾਂਕਿ ਸਰਕਾਰੀ ਐਬੂਲੈਂਸਾਂ ਵਿਚ ਲਾਸ਼ਾਂ ਨੂੰ ਲਿਜਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਮਗਰੋਂ ਐਨਜੀਓ ਮੈਂਬਰ ਲਾਸ਼ ਲਿਜਾਉਣ ਲਈ ਤਿਆਰ ਹੋ ਗਿਆ। ਕਾਬਿਲੇਗੌਰ ਹੈ ਕਿ 2017 ਵਿਚ ਤਤਕਾਲੀਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਲਾਸ਼ਾਂ ਨੂੰ ਲਿਜਾਉਣ ਲਈ ਇਕ ਵੈਨ ਸੇਵਾ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਨੂੰ ਅਜੇ ਤੱਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਹੈ। ਇਸ ਕਾਰਨ ਰਾਜਿੰਦਰਾ ਹਸਪਤਾਲ ਵਿਚ ਲਾਸ਼ਾਂ ਵਾਸਤੇ ਕੋਈ ਵੀ ਐਬੂਲੈਂਸ ਜਾਂ ਹੋਰ ਵਾਹਨ ਮੌਜੂਦ ਨਹੀਂ ਹੈ।
ਰਿਪੋਰਟ-ਗਗਨਦੀਪ ਆਹੂਜਾ
-PTC News