ਭਰਤੀ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਤਰੁੱਟੀ ਨਹੀਂ ਸੀ - ਪੀ.ਪੀ.ਐਸ.ਸੀ
ਪਟਿਆਲਾ, 7 ਅਕਤੂਬਰ: ਪੰਜਾਬ ਲੋਕ ਸੇਵਾ ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਪੀ.ਐਸ.ਸੀ. ਵੱਲੋਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਵਿਚ ਗਰੁੱਪ ਏ ਅਤੇ ਬੀ ਦੀਆਂ ਅਸਾਮੀਆਂ ਲਈ ਕੀਤੀ ਜਾਂਦੀ ਭਰਤੀ ਦੀ ਪੂਰੀ ਪ੍ਰਕਿਰਿਆ ਅੰਦਰੂਨੀ ਹੈ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ। ਬੁਲਾਰੇ ਨੇ ਦੱਸਿਆ ਕਿ ਨਾਇਬ-ਤਹਿਸੀਲਦਾਰ ਦੇ ਅਹੁਦੇ ਲਈ ਸਫਲ ਉਮੀਦਵਾਰਾਂ ਦੀ ਸੂਚੀ ਪ੍ਰਕਾਸ਼ਿਤ ਕਰਨ ਦੇ ਸਬੰਧ ਵਿੱਚ ਅੱਜ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ, ਕਮਿਸ਼ਨ ਨੇ ਉਕਤ ਪ੍ਰੀਖਿਆ ਨੂੰ ਕਰਵਾਉਣ ਲਈ ਵਰਤੀ ਪ੍ਰਕਿਰਿਆ ਅਤੇ ਤਰੀਕਿਆਂ ਦੀ ਸਮੀਖਿਆ ਕੀਤੀ ਹੈ ਅਤੇ ਪਾਇਆ ਹੈ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਤਰੁੱਟੀ ਨਹੀਂ ਸੀ ਤੇ ਭਰਤੀ ਪ੍ਰਕਿਰਿਆ ਪੂਰੇ ਸੁਚਾਰੂ ਢੰਗ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਉਮੀਦਵਾਰਾਂ ਦੇ ਹੋਰਨਾਂ ਇਮਤਿਹਾਨਾਂ ਦੀ ਕਾਰਗੁਜ਼ਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇੱਕ ਪ੍ਰੀਖਿਆ ਵਿੱਚ ਉਮੀਦਵਾਰ ਦੀ ਕਾਰਗੁਜ਼ਾਰੀ ਦਾ ਕਿਸੇ ਹੋਰ ਪ੍ਰੀਖਿਆ ਉਤੇ ਕੋਈ ਅਸਰ ਪੈਂਦਾ ਹੈ। ਇਹ ਵੀ ਪੜ੍ਹੋ: ਝੋਨੇ ਦਾ ਦਾਣਾ-ਦਾਣਾ ਖਰੀਦਿਆਂ ਜਾਵੇਗਾ : ਡਿਪਟੀ ਕਮਿਸ਼ਨਰ ਨਾਇਬ-ਤਹਿਸੀਲਦਾਰ ਦੇ ਅਹੁਦੇ ਦੀ ਹੋਈ ਭਰਤੀ ਪ੍ਰੀਖਿਆ ਵਿਚ ਆਬਜੈਕਟਿਵ ਸਵਾਲ ਦੇ ਉਤਰ ਦੇਣੇ ਹੁੰਦੇ ਹਨ ਅਤੇ ਇਸ ਅਹੁਦੇ ਲਈ ਕੋਈ ਇੰਟਰਵਿਊ ਨਹੀਂ ਹੁੰਦਾ ਕਿਉਂਕਿ ਇਹ ਪੋਸਟ ਗਰੁੱਪ 'ਬੀ' ਨਾਲ ਸਬੰਧਤ ਹੈ। ਇਸ ਲਈ ਉਮੀਦਵਾਰਾਂ ਨਾਲ ਕਮਿਸ਼ਨ ਦਾ ਕੋਈ ਸਿੱਧਾ ਸੰਪਰਕ ਨਹੀਂ ਹੁੰਦਾ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News