ਗਿਰਜਾਘਰ ਵਿਖੇ ਵਾਪਰੀ ਵਾਰਦਾਤ ਦੀ ਡੂੰਘਾਈ ਨਾਲ ਹੋਵੇ ਜਾਂਚ : ਬਿਸ਼ਪ ਪੀਕੇ ਸਾਮੰਤਾ
ਅੰਮ੍ਰਿਤਸਰ : ਬੀਤੇ ਦਿਨ ਤਰਨਤਾਰਨ ਦੇ ਠੱਕਰਪੁਰਾ ਵਿਖੇ ਗਿਰਜਾਘਰ ਵਿਚ ਵਾਪਰੀ ਬੇਅਦਬੀ ਦੀ ਵਾਰਦਾਤ ਤੋਂ ਬਾਅਦ ਅੱਜ ਮਸੀਹ ਮਹਾ ਸਭਾ ਪੰਜਾਬ ਵੱਲੋਂ ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਕੀਤੀ ਗਈ। ਬਿਸ਼ਪ ਪੀਕੇ ਸਾਮੰਤਾ ਨੇ ਠੱਕਰਪੁਰਾ ਵਿਖੇ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਕੋਲੋਂ ਇਸ ਵਾਰਦਾਤ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸਾਈ ਭਾਈਚਾਰੇ ਨੂੰ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਕੋਈ ਵੀ ਧਰਮ ਹਿੰਸਾ ਦਾ ਰਸਤਾ ਅਪਣਾਉਣ ਲਈ ਨਹੀਂ ਕਹਿੰਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਧਰਮ ਇਕ ਨਿੱਜੀ ਮਾਮਲਾ ਹੈ। ਹਰ ਵਿਅਕਤੀ ਨੂੰ ਕਿਸੇ ਵੀ ਧਰਮ ਵਿਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਦਾ ਪੂਰਾ ਹੱਕ ਹੈ। ਲਾਲਚ ਜਾਂ ਦਬਾਅ ਬਣਾ ਕੇ ਧਰਮ ਪਰਿਵਰਤਨ ਕਰਵਾਉਣ ਵਿਚ ਅਸੀਂ ਵਿਸ਼ਵਾਸ ਨਹੀਂ ਰੱਖਦੇ। ਠੱਕਰਪੁਰਾ ਵਿਖੇ ਵਾਪਰੀ ਘਟਨਾ ਸਬੰਧੀ ਉਨ੍ਹਾਂ ਨੇ ਕਿਹਾ ਕਿ ਲੱਗਦਾ ਨਹੀਂ ਕਿ ਇਹ ਧਾਰਮਿਕ ਮਾਮਲਾ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਕੁਝ ਕੁ ਲੋਕਾਂ ਵੱਲੋਂ ਭਾਈਚਾਰਕ ਸਾਂਝ ਵਿਚ ਪਾੜ ਪਾਉਣ ਦੀ ਵੱਡੀ ਸਾਜ਼ਿਸ਼ ਰਚੀ ਗਈ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੀ ਸਾਜ਼ਿਸ਼ ਰਚਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਅਧਿਆਤਮਿਕ ਆਗੂ ਬਿਆਨ ਦੇਣ ਤੋਂ ਪਹਿਲਾਂ ਸਾਡੇ ਕੋਲ ਜ਼ਰੂਰ ਆਉਣ ਅਜਿਹੇ ਬਿਆਨ ਜੋੜਨ ਦੀ ਬਜਾਏ ਤੋੜਨ ਦਾ ਕੰਮ ਕਰਦੇ ਹਨ। ਇਹ ਵੀ ਪੜ੍ਹੋ : ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ- ਹੁਣ ਘਰ ਬੈਠੇ ਹੀ ਈਮੇਲ ਜਾਂ ਵ੍ਹਟਸਐਪ ਰਾਹੀਂ ਮਿਲਣੇ ਸਰਟੀਫਿਕੇਟ ਇਸ ਤੋਂ ਇਲਾਵਾ ਆਈਜੀ ਬਾਰਡਰ ਰੇਂਜ ਮੁਨੀਸ਼ ਚਾਵਲਾ ਨੇ ਕਿਹਾ ਕਿ ਪੁਲਿਸ ਨੇ ਪੰਜਾਬ ਵਿਚ ਸਥਿਤ ਗਿਰਜਾਘਰਾਂ ਅਤੇ ਸਕੂਲਾਂ ਉਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ। ਇਸਾਈ ਭਾਚੀਚਾਰੇ ਦੇ ਧਾਰਮਿਕ ਸਮਾਗਮਾਂ ਮੌਕੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਵਪਾਰੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਡੱਡੂਆਣਾ ਤੇ ਪੱਟੀ ਦੇ ਦੋਸ਼ੀ ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਮਸੀਹ ਭਾਈਚਾਰੇ ਦੇ ਆਗੂ ਆਈ ਜੀ ਬਾਰਡਰ ਰੇਂਜ ਮਨੀਸ਼ ਚਾਵਲਾ ਨੂੰ ਮੰਗ ਪੱਤਰ ਦੇਣ ਪਹੁੰਚੇ। ਇਸ ਮੌਕੇ ਇਸਾਈ ਧਰਮ ਦੇ ਆਗੂਆਂ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਬਰੀ ਧਰਮ ਪਰਿਵਰਤਨ ਨੂੰ ਲੈ ਕੇ ਭਰਮ ਭੁਲੇਖੇ ਦੂਰ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੀਟਿੰਗ ਕਰਨ ਲਈ ਵਿਸ਼ੇਸ਼ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਵੇਗਾ। -PTC News