ਪੰਜਾਬ 'ਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੀ ਨਹੀਂ ਕੋਈ ਯੋਜਨਾ : ਬੀਐਮਡਬਲਯੂ
ਚੰਡੀਗੜ੍ਹ : ਜਰਮਨੀ ਦੀ ਕਾਰ ਨਿਰਮਾਤਾ ਕੰਪਨੀ BMW ਵੱਲੋਂ ਪੰਜਾਬ 'ਚ ਪਲਾਂਟ ਲਗਾਉਣ ਦੀ ਯੋਜਨਾ ਦੀ ਚਰਚਾ ਦੇ ਦਰਮਿਆਨ ਕਾਰ ਨਿਰਮਾਤਾ ਕੰਪਨੀ ਨੇ ਅੱਜ ਵੱਡਾ ਖ਼ੁਲਾਸਾ ਕੀਤਾ। ਬੀਐਮਡਬਲਯੂ ਕੰਪਨੀ ਨੇ ਕਿਹਾ ਕਿ ਪੰਜਾਬ 'ਚ ਕੋਈ ਵੀ ਪਲਾਂਟ ਲਗਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਇਕ ਮੀਡੀਆ ਬਿਆਨ 'ਚ ਬੀਐਮਡਬਲਯੂ ਨੇ ਕਿਹਾ BMW ਸਮੂਹ ਦੀ ਨਜ਼ਰ ਭਾਰਤੀ ਆਟੋਮੋਬਾਈਲ ਮਾਰਕੀਟ ਦੇ ਪ੍ਰੀਮੀਅਮ ਸੈਕਟਰ 'ਤੇ ਕੰਪਨੀ ਨੂੰ ਮਜ਼ਬੂਤ ਕਰਨ ਉਤੇ ਹੈ। ਪੰਜਾਬ 'ਚ ਕੋਈ ਵੀ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੀ ਵਿਉਂਤਬੰਦੀ ਨਹੀਂ ਹੈ। ਇਸ 'ਚ ਅੱਗੇ ਲਿਖਿਆ ਗਿਆ ਹੈ ਕਿ BMW ਸਮੂਹ ਚੇਨੱਈ 'ਚ ਆਪਣੇ ਨਿਰਮਾਣ ਪਲਾਂਟ, ਪੁਣੇ ਵਿਚ ਇਕ ਪਾਰਟਸ ਵੇਅਰਹਾਊਸ, ਗੁੜਗਾਓਂ NCR 'ਚ ਇਕ ਸਿਖਲਾਈ ਕੇਂਦਰ ਤੇ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ 'ਚ ਇਕ ਚੰਗੀ ਤਰ੍ਹਾਂ ਵਿਕਸਤ ਡੀਲਰ ਨੈਟਵਰਕ ਨਾਲ ਬੀਐਮਡਬਲਯੂ ਕੰਪਨੀ ਨੂੰ ਭਾਰਤ 'ਚ ਮਜ਼ਬੂਤ ਉਤੇ ਜ਼ੋਰ। ਬਿਆਨ 'ਚ ਲਿਖਿਆ ਗਿਆ ਹੈ BMW ਗਰੁੱਪ ਇੰਡੀਆ ਦੀ ਪੰਜਾਬ 'ਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ; ਨਵੀਂ ਮਾਈਨਿੰਗ ਨੀਤੀ 'ਤੇ ਲਾਈ ਰੋਕ ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਸੀ ਕਿ ਵਿਸ਼ਵ ਪ੍ਰਸਿੱਧ ਕਾਰ ਕੰਪਨੀ BMW ਦੇ ਹੈਡ ਆਫਿਸ ਵਿਖੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਤੇ ਵੱਡੇ ਪੱਧਰ ਉਤੇ ਕਾਰਾਂ ਦੇ ਪਾਰਟਸ ਨਾਲ ਸਬੰਧਤ ਯੂਨਿਟ ਪੰਜਾਬ ਲਾਉਣ ਦੀ ਹਾਮੀ ਭਰੀ। ਇਸ ਕਾਰ ਕੰਪਨੀ ਦਾ ਹੁਣ ਤੱਕ ਸਿਰਫ਼ ਇਕ ਪਲਾਂਟ ਚੇਨੱਈ 'ਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੀਐਮਡਬਲਯੂ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਸਭ ਦੇ ਉਲਟ ਬੀਐਮਡਬਲਯੂ ਕੰਪਨੀ ਨੇ ਅਜਿਹਾ ਕੋਈ ਵੀ ਯੂਨਿਟ ਲਗਾਉਣ ਦੀ ਯੋਜਨਾ ਨੂੰ ਨਕਾਰ ਦਿੱਤਾ ਹੈ। -PTC News