ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,303 ਨਵੇਂ ਕੇਸ ਆਏ, 39 ਮੌਤਾਂ ਹੋਈਆਂ
ਨਵੀਂ ਦਿੱਲੀ: ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 3303 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਕੱਲ੍ਹ ਨਾਲੋਂ 12.8 ਫੀਸਦੀ ਵੱਧ ਹੈ। ਇਸ ਦੇ ਨਾਲ, ਦੇਸ਼ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 4 ਕਰੋੜ 30 ਲੱਖ, 68 ਹਜ਼ਾਰ 799 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 39 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਹੁਣ ਤੱਕ ਕੋਵਿਡ ਕਾਰਨ ਕੁੱਲ 5 ਲੱਖ 23 ਹਜ਼ਾਰ 693 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਮਰਨ ਵਾਲਿਆਂ ਦੀ ਗਿਣਤੀ 'ਚ ਕੇਰਲ ਦੇ 26 ਕੇਸ ਵੀ ਬੈਕਲਾਗ ਅੰਕੜਿਆਂ ਵਜੋਂ ਸ਼ਾਮਲ ਕੀਤੇ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਵੀ ਭੀੜ ਵਾਲੀਆਂ ਥਾਵਾਂ ਉਤੇ ਮਾਸਕ ਜ਼ਰੂਰ ਕਰ ਦਿੱਤਾ ਗਿਆ ਤੇ ਸਕੂਲਾਂ ਵਿੱਚ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਚੰਡੀਗੜ੍ਹ ਵਿੱਚ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਅਤੇ ਮਾਸਕ ਨਾ ਪਾਉਣ ਉਤੇ ਭਾਰੀ ਜੁਰਮਾਨਾ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸ਼ਾਮ 7.30 ਵਜੇ ਦੇ ਕਰੀਬ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 1367 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 1042 ਮਰੀਜ਼ ਠੀਕ ਹੋਏ ਹਨ। ਦਿੱਲੀ 'ਚ ਸੰਕਰਮਣ ਦੀ ਦਰ 4.5 ਫੀਸਦੀ ਦਰਜ ਕੀਤੀ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਬਾਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਅੰਦਰ ਪੂਰੀ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ, ਜ਼ਿਆਦਾਤਰ ਲੋਕ ਪਹਿਲਾਂ ਹੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਹੁਣ ਜੋ ਕੋਰੋਨਾ ਹੋ ਰਿਹਾ ਹੈ, ਲੋਕ ਜ਼ਿਆਦਾ ਬਿਮਾਰ ਨਹੀਂ ਹੋ ਰਹੇ ਹਨ। ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਪੁਲਵਾਮਾ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਵਾਨ ਜ਼ਖਮੀ