ਨੌਜਵਾਨ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਅੰਮ੍ਰਿਤਸਰ : ਨੌਜਵਾਨ ਦੀ ਕੁੱਟਮਾਰ ਕਰਨ ਅਤੇ ਦਰੱਖਤ ਨਾਲ ਲਟਕਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਮਜੀਠਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਤਿੰਨਾਂ ਦੀ ਪਛਾਣ ਨੰਬਰਦਾਰ ਲਾਡੀ, ਪਲਵਿੰਦਰ ਸਿੰਘ ਫੌਜੀ ਤੇ ਜੋਬਨ ਵਾਸੀ ਪਿੰਡ ਕੋਟਲਾ ਸੁਲਤਾਨ ਸਿੰਘ ਵਜੋਂ ਹੋਈ ਹੈ। ਮਜੀਠਾ ਥਾਣਾ ਖੇਤਰ ਦੇ ਪਿੰਡ ਭੈਣੀ ਲਿੱਦੜ ਦੇ ਵਸਨੀਕ ਗੁਰਵੇਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਦੋਸਤ ਹਨੀ, ਵਾਸੀ ਕੋਟਲਾ ਸੁਲਤਾਨ ਸਿੰਘ ਨਾਲ ਮਜੀਠਾ ਥਾਣੇ ਵਿੱਚ ਦਰਜ ਹੋਏ ਕੇਸ ਸਬੰਧੀ ਪੁੱਛ-ਪੜਤਾਲ ਕਰਨ ਗਿਆ ਸੀ। ਜਦੋਂ ਉਹ ਹਨੀ ਨੂੰ ਰਸਤੇ ਵਿੱਚ ਛੱਡ ਕੇ ਘਰ ਪਰਤਣ ਲੱਗਾ ਤਾਂ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਘੇਰ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਦਾਅਵਾ ਕਰਦਾ ਰਿਹਾ ਕਿ ਉਹ ਚੋਰ ਨਹੀਂ ਹੈ ਪਰ ਪਿੰਡ ਵਾਸੀਆਂ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਦਰੱਖਤ ਤੋਂ ਉਲਟਾ ਲਟਕਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਪਿੰਡ ਵਾਸੀਆਂ ਦੀ ਕੁੱਟਮਾਰ ਤੋਂ ਬਚਾਉਣ ਲਈ ਦਰੱਖਤ ਤੋਂ ਹੇਠਾਂ ਉਤਾਰ ਦਿੱਤਾ। ਥਾਣਾ ਮਜੀਠਾ ਅਧੀਨ ਪੈਂਦੇ ਭੰਗਾਲੀ ਥਾਣੇ ਦੇ ਇੰਚਾਰਜ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਗੁਰਵੇਲ ਸਿੰਘ ਦੇ ਬਿਆਨਾਂ ਉਤੇ ਤਿੰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਤਿੰਨੋਂ ਮੁਲਜ਼ਮ ਫਰਾਰ ਹਨ। ਇਹ ਵੀ ਪੜ੍ਹੋ : ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ