ਦੁਕਾਨਾਂ ਖ਼ਾਲੀ ਕਰਵਾਉਣ ਪੁੱਜੇ ਵਕਫ਼ ਬੋਰਡ ਦੇ ਅਧਿਕਾਰੀਆਂ ਦਾ ਘਿਰਾਓ
ਬਠਿੰਡਾ : ਅੱਜ ਬਠਿੰਡਾ ਦੀ ਆਵਾ ਬਸਤੀ ਵਿੱਚ ਲੋਕਾਂ ਵੱਲੋਂ ਵਕਫ ਬੋਰਡ ਦੇ ਅਧਿਕਾਰੀਆਂ ਦਾ ਉਸ ਸਮੇਂ ਘਿਰਾਓ ਕੀਤਾ ਗਿਆ ਜਦ ਉਹ ਵਕਫ ਬੋਰਡ ਦੀ ਜਗ੍ਹਾ ਵਿੱਚ ਬਣੀਆਂ ਦੁਕਾਨਾਂ ਨੂੰ ਖਾਲੀ ਕਰਵਾਉਣ ਲਈ ਪਹੁੰਚੇ ਸਨ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਤੇ ਦੁਕਾਨਦਾਰ ਇਕੱਠੇ ਹੋ ਗਏ। ਉਨ੍ਹਾਂ ਵੱਲੋਂ ਵਕਫ ਬੋਰਡ ਦੀ ਗੱਡੀ ਮੂਹਰੇ ਧਰਨਾ ਲਾ ਦਿੱਤਾ ਗਿਆ। ਇਸ ਮੌਕੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ਉਤੇ ਪਹੁੰਚੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਵਕਫ ਬੋਰਡ ਦੇ ਅਧਿਕਾਰੀਆਂ ਨੂੰ ਬੜੀ ਮੁਸ਼ਕਲ ਨਾਲ ਧਰਨਾਕਾਰੀਆਂ ਤੋਂ ਬਚਾ ਕੇ ਕੱਢਿਆ। ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰਟ ਦੇ ਆਰਡਰ ਹਨ ਕਿ ਤਿੰਨ ਦੁਕਾਨਾਂ ਖ਼ਾਲੀ ਕਰਵਾਉਣੀਆਂ ਹਨ। ਅਸੀਂ ਇਨ੍ਹਾਂ ਨੂੰ ਨੋਟਿਸ ਦੇਣ ਲਈ ਪਹੁੰਚੇ ਸੀ ਤੇ ਇਨ੍ਹਾਂ ਨੇ ਘਿਰਾਓ ਸ਼ੁਰੂ ਕਰ ਦਿੱਤਾ। ਮੁਹੱਲਾ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਹਰ ਰੋਜ਼ ਸਾਥੋਂ ਪੈਸੇ ਮੰਗਣ ਲਈ ਆ ਜਾਂਦੇ ਹਨ। ਜਦ ਪੈਸੇ ਨਹੀਂ ਦਿੰਦੇ ਤਾਂ ਦੁਕਾਨਦਾਰਾਂ ਦਾ ਸਾਮਾਨ ਕੱਢ ਕੇ ਬਾਹਰ ਸੁੱਟ ਦਿੰਦੇ ਹਨ। ਅਦਾਲਤੀ ਕਾਰਵਾਈ ਦਾ ਸਾਨੂੰ ਡਰਾਵਾ ਦਿੰਦੇ ਹਨ। ਕੱਲ੍ਹ ਵੀ ਇਨ੍ਹਾਂ ਵੱਲੋਂ ਇਕ ਦੁਕਾਨ ਦਾ ਸਾਮਾਨ ਬਾਹਰ ਕੱਢ ਕੇ ਸੁੱਟਿਆ ਗਿਆ ਸੀ। ਅੱਜ ਫਿਰ ਦੂਜੀ ਦੁਕਾਨ ਦਾ ਸਾਮਾਨ ਕੱਢਣ ਲਈ ਪਹੁੰਚੇ ਸਨ। ਅਸੀਂ ਕਿਸੇ ਹਾਲਤ ਵਿੱਚ ਇਨ੍ਹਾਂ ਨੂੰ ਦੁਕਾਨਾਂ ਦਾ ਸਾਮਾਨ ਬਾਹਰ ਨਹੀਂ ਸੁੱਟਣ ਦੇਣਗੇ। ਥਾਣਾ ਕੋਤਵਾਲੀ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਵਕਫ ਬੋਰਡ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਹੈ ਤਾਂ ਪੁਲਿਸ ਟੀਮ ਸਮੇਤ ਮੌਕੇ ਉਤੇ ਪੁੱਜੇ ਹਨ। ਵਕਫ਼ ਬੋਰਡ ਦੇ ਅਧਿਕਾਰੀਆਂ ਨੂੰ ਧਰਨਾਕਾਰੀਆਂ ਤੋਂ ਬਚਾ ਕੇ ਭੇਜ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੀ ਗੱਲ ਸੁਣ ਕੇ ਅਗਲੀ ਕਾਰਵਾਈ ਕਰਾਂਗੇ। ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਵੱਲੋਂ ਜਲਦ ਲਿਆਂਦੀ ਜਾਵੇਗੀ ਨਵੀਂ ਐਨ.ਆਰ.ਆਈ ਨੀਤੀ: ਕੁਲਦੀਪ ਸਿੰਘ ਧਾਲੀਵਾਲ