ਤੁਰਕੀ ਦੀ ਗਾਇਕਾ ਨੇ ਸਟੇਜ 'ਤੇ ਕੱਟੇ ਆਪਣੇ ਵਾਲ, ਦਰਸ਼ਕਾਂ ਨੇ ਤਾੜੀਆਂ ਵਜਾਈਆਂ
ਤੁਰਕੀ : ਤੁਰਕੀ ਦੀ ਗਾਇਕਾ ਮੇਲੇਕ ਮੋਸੋ ਨੇ ਈਰਾਨੀ ਔਰਤਾਂ ਦੇ ਹਿਜਾਬ ਦੇ ਵਿਰੋਧ ਦੀ ਹਮਾਇਤ 'ਚ ਸਟੇਜ 'ਤੇ ਆਪਣੇ ਵਾਲ ਕੱਟ ਦਿੱਤੇ। ਈਰਾਨ 'ਚ 22 ਸਾਲਾ ਮਾਹਸਾ ਅਮੀਨੀ ਦੀ ਹਿਜਾਬ ਪੁਲਿਸ ਦੀ ਹਿਰਾਸਤ 'ਚ ਮੌਤ ਹੋ ਗਈ। ਖ਼ਬਰਾਂ ਮੁਤਾਬਕ ਮਾਹਸਾ ਪਹਿਲਾਂ ਕੋਮਾ 'ਚ ਚਲਾ ਗਿਆ ਤੇ ਫਿਰ ਉਸ ਦੀ ਮੌਤ ਹੋ ਗਈ ਸੀ। ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ 'ਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਈ ਔਰਤਾਂ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਜਨਤਕ ਤੌਰ 'ਤੇ ਆਪਣੇ ਹਿਜਾਬ ਨੂੰ ਸਾੜ ਰਹੀਆਂ ਹਨ। ਟਵਿੱਟਰ 'ਤੇ ਸ਼ੇਅਰ ਕੀਤੀ ਇਕ ਕਲਿੱਪ 'ਚ ਮੋਸੋ ਨੇ ਆਪਣਾ ਸ਼ੋਅ ਦੇਖਣ ਆਏ ਲੋਕਾਂ ਵਿਚਾਲੇ ਆਪਣੇ ਵਾਲ ਕੱਟ ਦਿੱਤੇ। ਜਨਤਾ ਨੇ ਤਾੜੀਆਂ ਨਾਲ ਉਸ ਦੀ ਹਮਾਇਤ ਕੀਤੀ।
ਅਮੀਨੀ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਹਿਰਾਨ ਆਈ ਸੀ, ਜਦੋਂ ਪੁਲਿਸ ਨੇ ਉਸ ਨੂੰ ਰੋਕ ਲਿਆ। ਡਾਕਟਰੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਸਿਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਕੋਮਾ ਵਿਚ ਚਲੀ ਗਈ ਸੀ। ਹਾਲਾਂਕਿ ਇਕ ਰਿਪੋਰਟ 'ਚ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਮਾਹਸਾ ਨੂੰ "ਦਿਲ ਦਾ ਦੌਰਾ" ਪਿਆ ਸੀ। ਇਰਾਕ 'ਚ ਰਹਿੰਦੇ ਅਮੀਨੀ ਦੇ ਰਿਸ਼ਤੇਦਾਰ ਦੇ ਭਰਾ ਨੇ ਦੱਸਿਆ ਕਿ ਅਮੀਨੀ ਦੀ ਮੌਤ ਸਿਰ 'ਚ ਜ਼ਬਰਦਸਤ ਸੱਟ ਲੱਗਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਖੁੱਲ੍ਹੇਆਮ ਹੁੰਦੇ ਆਪ੍ਰੇਸ਼ਨ, ਲੰਮੇ ਸਮੇਂ ਤੋਂ ਦਰਵਾਜ਼ਾ ਟੁੱਟਿਆ
ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਦੇਸ਼ 'ਚ ਔਰਤਾਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਦੀ ਲਹਿਰ ਨੂੰ "ਵਿਗਾੜ" ਵਜੋਂ ਆਲੋਚਨਾ ਕੀਤੀ ਹੈ। ਈਰਾਨੀ ਔਰਤਾਂ ਮਾਹਸਾ ਅਮੀਨੀ ਦੀ ਹਿਜਾਬ ਪੁਲਿਸ ਹਿਰਾਸਤ 'ਚ ਹੱਤਿਆ ਦਾ ਵਿਰੋਧ ਕਰ ਰਹੀਆਂ ਹਨ।
ਇਬਰਾਹਿਮ ਰਾਇਸੀ ਨੇ ਇਕ ਟੀਵੀ ਇੰਟਰਵਿਊ 'ਚ ਕਿਹਾ ਇਨ੍ਹਾਂ ਪ੍ਰਦਰਸ਼ਨਾਂ 'ਚ ਸ਼ਾਮਲ ਲੋਕਾਂ ਨਾਲ ਫ਼ੈਸਲਾਕੁੰਨ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ, ਇਹ ਜਨਤਾ ਦੀ ਮੰਗ ਹੈ।" "ਲੋਕਾਂ ਦੀ ਸੁਰੱਖਿਆ ਈਰਾਨ ਦੇ ਇਸਲਾਮੀ ਗਣਰਾਜ 'ਚ ਲਾਲ ਲਕੀਰ ਹੈ ਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਤੇ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਹੈ।"
-PTC News