ਮੱਧ ਪ੍ਰਦੇਸ਼ ਤੋਂ ਕਾਬੂ ਕੀਤੇ ਤਿੰਨ ਮੁਲਜ਼ਮਾਂ ਨੇ ਕੀਤੇ ਵੱਡੇ ਖੁਲਾਸੇ
ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਤਸਕਰਾਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਮੁਸਤੈਦੀ ਵਰਤੀ ਜਾ ਰਹੀ ਹੈ। ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਵਿਸ਼ੇਸ਼ ਟੀਮ ਵੱਲੋਂ ਮੱਧ ਪ੍ਰਦੇਸ਼ ਤੋਂ 3 ਮੁਲਜਮਾਂ ਨੂੰ ਕਾਬੂ ਕਰਕੇ 80 ਪਿਸਟਲ ਬਰਾਮਦ ਕੀਤੇ ਸਨ। ਕਾਉਂਟਰ ਇੰਟੈਲੀਜੈਂਸ ਦੀ ਜਾਂਚ ਵਿੱਚ ਮੁਲਜ਼ਮਾਂ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਕਾਉਂਟਰ ਇੰਟੈਲੀਜੈਂਸ ਦੀ ਟੀਮ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਖਾਲਿਸਤਾਨ ਫੋਰਸ ਦੇ ਜਗਦੇਵ ਸਿੰਘ ਜੱਗਾ ਵਾਸੀ ਪਿੰਡ ਫਤਹਿਗੜ੍ਹ ਸਭਰਾਂ, ਫਿਰੋਜ਼ਪੁਰ ਨਾਲ ਰਾਬਤਾ ਸੀ ਅਤੇ ਇਸ ਨੂੰ ਹਥਿਆਰ ਸਪਲਾਈ ਵੀ ਦੇ ਚੁੱਕੈ ਹਨ।
ਜਾਂਚ ਵਿੱਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਭੋਰੇ ਲਾਲ, ਕੈਲਾਸ਼ ਮੱਲ ਸਿੰਘ ਅਤੇ ਸੋਨੂੰ ਸਿੰਘ ਤਿੰਨੋਂ ਮੁਲਜ਼ਮਾਂ ਵੱਲੋਂ ਪੰਜਾਬ, ਹਰਿਆਣਾ ਸਮੇਤ ਵੱਖ ਵੱਖ ਰਾਜਾਂ ਵਿੱਚ ਨਜ਼ਾਇਜ਼ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ। ਇਸ ਬਾਰੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਪੁਲਿਸ ਵੱਲੋਂ ਮੱਧ ਪ੍ਰਦੇਸ਼ ਵਿਚ ਆਪਣੀ ਇਕ ਟੀਮ ਭੇਜ ਕੇ ਉਥੋਂ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 80 ਦੇ ਕਰੀਬ ਨਾਜਾਇਜ਼ ਪਿਸਟਲ ਬਰਾਮਦ ਕੀਤੇ ਗਏ। ਇਸ ਦੇ ਚੱਲਦੇ ਪੁਲਿਸ ਵੱਲੋਂ ਇਨ੍ਹਾਂ ਨੂੰ ਅੰਮ੍ਰਿਤਸਰ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਰਿਮਾਂਡ ਦਿੱਤਾ ਸੀ। ਪੁਲਿਸ ਦੀ ਜਾਂਚ ਵਿੱਚ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਖਾਲਿਸਤਾਨੀ ਜਗਦੇਵ ਜੱਗਾ ਨੂੰ ਵੀ ਹਥਿਆਰ ਸਪਲਾਈ ਕੀਤੇ ਸਨ।
ਮਿਲੀ ਜਾਣਕਾਰੀ ਮੁਤਾਬਿਕ ਫੜੇ ਗਏ ਵਿਅਕਤੀ ਮੱਧ ਪ੍ਰਦੇਸ਼ ਵਿਚ ਇਕ ਛੋਟਾ ਹਥਿਆਰ ਬਣਾਉਣ ਦਾ ਯੂਨਿਟ ਚਲਾ ਰਿਹਾ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ ਮੱਧ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ:ਕੇਜਰੀਵਾਲ, ਸਿਸੋਦੀਆ ਸਮੇਤ ਕਈ ਨੇਤਾਵਾਂ ਦੇ ਘਰ ਬਾਹਰ ਭਾਜਪਾ ਦਾ ਪ੍ਰਦਰਸ਼ਨ
-PTC News