ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਨ ਵਾਲੀ ਸਮੱਗਰੀ ਵੇਚਣ ਪੁੱਜਾ ਚੋਰ, ਕਬਾੜੀਏ ਨੇ ਕੀਤਾ ਕਾਬੂ
ਹੁਸ਼ਿਆਰਪੁਰ : ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਵਿਖੇ ਉਸ ਸਮੇਂ ਮਾਹੌਲ ਭਖ ਗਿਆ ਜਦੋਂ ਕਬਾੜ ਦੀ ਦੁਕਾਨ ਉਤੇ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਨੂੰ ਭੇਜੀ ਜਾਣ ਵਾਲੀ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨ ਵਾਲੀ ਸਿਹਤ ਸਮੱਗਰੀ ਵੇਚਣ ਲਈ ਇਕ ਚੋਰ ਪੁੱਜ ਗਿਆ। ਕਬਾੜੀਏ ਨੇ ਪਿੰਡ ਦੀ ਪੰਚਾਇਤ ਨੂੰ ਇਸ ਦੀ ਸੂਚਨਾ ਦਿੱਤੀ ਤੇ ਲੋਕਾਂ ਉਸ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਲਿਆ। ਬਾਅਦ ਵਿੱਚ ਚੋਰ ਨੂੰ ਮਾਹਿਲਪੁਰ ਪੁਲਿਸ ਹਵਾਲੇ ਕਰ ਦਿੱਤਾ। ਚੋਰ ਨੇ ਇਹ ਸਮੱਗਰੀ ਸਿਵਲ ਹਸਪਤਾਲ ਪਾਲਦੀ ਤੋਂ ਚੋਰੀ ਕੀਤੀ ਸੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਰਟਾ ਗਣੇਸ਼ਪੁਰ ਦੀ ਸਰਪੰਚ ਤੀਰਥ ਕੌਰ ਤੇ ਬਸਪਾ ਆਗੂ ਰਛਪਾਲ ਲਾਲੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਵਿੱਚ ਕਬਾੜ ਦੀ ਦੁਕਾਨ ਕਰਦੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਮੋਟਰਸਾਈਕਲ ਰੇਹੜੇ ਉਤੇ ਬਹੁਤ ਸਾਰੀ ਸਿਹਤ ਵਿਭਾਗ ਨਾਲ ਸਬੰਧਤ ਕਾਗਜ਼ ਪੱਤਰ ਵੇਚਣ ਆਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਉਸ ਨੂੰ ਇੱਕ ਦਰੱਖਤ ਨਾਲ ਬੰਨ੍ਹ ਕੇ ਪੁੱਛ ਗਿੱਛ ਕੀਤੀ ਤਾਂ ਕਥਿਤ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਸਮੱਗਰੀ ਬੀਤੀ ਰਾਤ ਸਿਵਲ ਹਸਪਤਾਲ ਪਾਲਦੀ ਦੇ ਐਕਸਰੇ ਵਾਲੇ ਕਮਰੇ ਵਿੱਚੋਂ ਚੋਰੀ ਕੀਤੀ ਹੈ ਤੇ ਰੱਦੀ ਦੇ ਭਾਅ ਵੇਚਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇਹ ਵੀ ਮੰਨਿਆ ਕਿ ਉਸ ਨੇ ਇਹ ਸਮੱਗਰੀ ਅੱਜ ਸਵੇਰੇ ਤੜਕਸਾਰ ਹਸਪਤਾਲ ਦੇ ਐਕਸਰੇ ਵਾਲੇ ਕਮਰੇ ਦੇ ਤਾਲੇ ਤੋੜ ਕੇ ਕੀਤੀ ਹੈ। ਉਨ੍ਹਾਂ ਤੁਰੰਤ ਮਾਹਿਲਪੁਰ ਪੁਲਿਸ ਅਤੇ ਸਿਵਲ ਹਸਪਤਾਲ ਪਾਲਦੀ ਦੇ ਮੁੱਖ ਡਾਕਟਰ ਜੇਵੰਤ ਸਿੰਘ ਬੈਂਸ ਨੂੰ ਮੌਕੇ 'ਤੇ ਬੁਲਾਇਆ ਅਤੇ ਚੋਰ ਨੂੰ ਸਮੇਤ ਸਮੱਗਰੀ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਨੂੰ ਸਮੇਤ ਸਮੱਗਰੀ ਥਾਣਾ ਮਾਹਿਲਪੁਰ ਲੈ ਆਈ ਜਿੱਥੇ ਉਨ੍ਹਾਂ ਕਥਿਤ ਮੁਲਜ਼ਮ ਅਮਰਨਾਥ ਪੁੱਤਰ ਰਾਮ ਪਾਲ ਵਾਸੀ ਝੱਗੀ ਪਥਰਾਲਾ ਨੂੰ ਕਾਬੂ ਕਰ ਕੇ ਉਸ ਦਾ ਮੋਟਰਸਾਈਕਲ ਰੇਹੜਾ ਤੇ ਸਾਰੀ ਸਮੱਗਰੀ ਕਬਜ਼ੇ ਵਿਚ ਲੈ ਲਈ। ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਵਿੱਤੀ ਪੈਕੇਜ ਮੰਗਿਆ