ਨਾਜਾਇਜ਼ ਰੇਹੜੀਆਂ ਹਟਾਉਣ ਆਈ ਨਿਗਮ ਦੀ ਟੀਮ ਤੇ ਲੋਕ ਆਹਮੋ-ਸਾਹਮਣੇ
ਅੰਮ੍ਰਿਤਸਰ : ਨਗਰ ਨਿਗਮ ਅੰਮ੍ਰਿਤਸਰ ਦੀ ਟੀਮ ਉਸ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਗਮ ਮੁਲਾਜ਼ਮ ਨਾਜਾਇਜ਼ ਰੇਹੜੀਆਂ ਹਟਾਉਣ ਲਈ ਪੁੱਜੇ ਸਨ। ਇਸ ਮੌਕੇ ਮਾਹੌਲ ਕਾਫੀ ਭਖ ਗਿਆ ਸੀ। ਇਸ ਤੋਂ ਬਾਅਦ ਨਿਗਮ ਦੀ ਟੀਮ ਅਤੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਉਤੇ ਪੁੱਜ ਗਏ ਤੇ ਲੋਕਾਂ ਨੂੰ ਸਮਝਾ-ਬੁਝਾ ਕੇ ਮਾਹੌਲ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਅੰਮ੍ਰਿਤਸਰ 'ਚ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਵਿਰਾਸਤੀ ਸੜਕ 'ਤੇ ਨਗਰ ਨਿਗਮ ਦੀ ਟੀਮ ਕਾਰਵਾਈ ਲਈ ਪੁੱਜੀ ਸੀ। ਗਲੀ 'ਚ ਪਹੁੰਚਦੇ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਰੇਹੜੀ ਵਾਲਿਆਂ ਦੀ ਭੰਨ-ਤੋੜ ਕੀਤੀ ਅਤੇ ਦੁਕਾਨਦਾਰਾਂ ਦਾ ਸਾਮਾਨ ਚੁੱਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਟਰੱਕ ਵਿੱਚ ਹਲਚਲ ਮਚ ਗਈ ਕਿਉਂਕਿ ਇਹ ਸੜਕ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈ ਇਥੇ ਦੁਕਾਨਦਾਰ ਵੱਲੋਂ ਰੁਮਾਲਾ ਸਾਹਿਬ ਅਤੇ ਧਾਰਮਿਕ ਚਿੰਨ੍ਹ ਰੱਖੇ ਹੋਏ ਹਨ। ਜਿਵੇਂ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਦੁਕਾਨਦਾਰਾਂ ਦਾ ਸਾਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕਈ ਰੁਮਾਲਾ ਸਾਹਿਬ ਜ਼ਮੀਨ 'ਤੇ ਡਿੱਗ ਪਏ। ਇਸ ਨੂੰ ਲੈ ਕੇ ਦੁਕਾਨਦਾਰ ਭੜਕ ਪਏ। ਇਸ ਤੋਂ ਬਾਅਦ ਕੁਝ ਸਿੱਖ ਆਗੂ ਵੀ ਉੱਥੇ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਦੇ ਕਰਮਚਾਰੀ ਇੱਕ-ਦੋ ਦਿਨ ਬਾਅਦ ਇੱਥੇ ਆ ਕੇ ਦੁਕਾਨਦਾਰਾਂ ਤੋਂ ਪੈਸੇ ਮੰਗਦੇ ਹਨ ਤੇ ਤੰਗ ਕਰਦੇ ਹਨ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਟੀਮ ਹੈਰੀਟੇਜ ਸਟਰੀਟ ਉਤੇ ਰੇਹੜੀ ਵਾਲਿਆਂ ਨੂੰ ਹਟਾਉਣ ਲਈ ਗਈ ਤਾਂ ਲੋਕ ਅਤੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ। ਦੁਕਾਨਾਂ ਦੇ ਅੱਗਿਓਂ ਸਾਮਾਨ ਚੁੱਕਦੇ ਸਮੇਂ ਰੁਮਾਲ ਸਾਹਿਬ ਡਿੱਗ ਪਏ ਸਨ। ਇਸ ਸਭ ਕਾਰਨ ਸਿੱਖ ਜਥੇਬੰਦੀਆਂ ਭੜਕ ਪਈਆਂ। ਸਿੱਖ ਜਥੇਬੰਦੀਆਂ ਮੁਤਾਬਕ ਬੇਅਦਬੀ ਕੀਤੀ ਗਈ ਹੈ। ਸਥਿਤੀ ਤਣਾਅਪੂਰਨ ਹੁੰਦੀ ਦੇਖ ਪੁਲਿਸ ਮੁਲਾਜ਼ਮ ਮੌਕੇ ਉਤੇ ਪੁੱਜ ਗਏ। ਰੋਸ ਵਜੋਂ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੇ ਨਗਰ ਨਿਗਮ ਦੀ ਟੀਮ ਦਾ ਕੜਾ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੜਕ ਕਿਨਾਰੇ ਰੇਹੜੀ ਫੜੀ ਵਾਲਿਆ ਉੱਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸੜਕ ਕਿਨਾਰੇ ਲੱਗੀਆ ਰੇਹੜੀਆਂ ਹਟਾਉਣ ਦੇ ਹੁਕਮ ਦਿੱਤੇ ਸਨ। ਪੰਜਾਬ ਸਰਕਾਰ ਨੇ ਇਸ ਸੰਬੰਧ ਵਿੱਚ ਸੰਬੰਧਿਤ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਸੀ। ਸਰਕਾਰ ਨੇ ਸਮੂਹ ਕਮਿਸ਼ਨਰਾਂ ਨਗਰ ਨਿਗਮਾਂ ਨੂੰ ਫੌਰੀ ਤੌਰ ਉੱਤੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਦਿੱਤੀ ਸੀ। ਇਸ ਤੋਂ ਇਲਾਵਾ ਸਰਕਾਰ ਨੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟਰੈਫਿਕ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਗਰ ਕੌਂਸਲਾਂ ਤੇ ਨਿਗਮਾਂ ਵੱਲੋਂ ਨਾਜਾਇਜ਼ ਕਬਜ਼ਿਆਂ ਤੇ ਨਾਜਾਇਜ਼ ਰੇਹੜੀਆਂ ਵਾਲਿਆਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਹੈ। ਇਹ ਵੀ ਪੜ੍ਹੋ : ਪੰਜਾਬ 'ਚ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ