ਨਿਊਜ਼ੀਲੈਂਡ ਦੇ ਸਿੱਖਾਂ ਨੇ ਕੌਮ ਸਾਹਮਣੇ ਪੇਸ਼ ਕੀਤੀ ਮਿਸਾਲ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਨਿਊਜ਼ੀਲੈਂਡ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਗੁਰੂ ਘਰਾਂ ਨੇ ਸਰਬਸੰਮਤੀ ਨਾਲ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣ ਦੇ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਧਾਰਮਿਕ ਸੰਸਥਾਵਾਂ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਨਿਊਜ਼ੀਲੈਂਡ ਦੀ ਸਿੱਖ ਕੌਮ ਵਧਾਈ ਦੀ ਪਾਤਰ ਹੈ। ਇਸ ਫ਼ੈਸਲੇ ਰਾਹੀਂ ਉਨ੍ਹਾਂ ਨੇ ਸਮੁੱਚੇ ਵਿਸ਼ਵ 'ਚ ਵੱਸਦੀ ਸਿੱਖ ਕੌਮ ਸਾਹਮਣੇ ਉਦਾਹਰਨ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਸ਼ਾਬਾਸ਼ ਦੀਆਂ ਹੱਕਦਾਰ ਹਨ, ਜਿਨ੍ਹਾਂ ਨੇ ਸਿੱਖ ਕੌਮ ਨੂੰ ਪ੍ਰਥਮ ਸਮਝਦਿਆਂ ਨਿੱਜੀ ਹਉਮੈ ਤੋਂ ਉੱਪਰ ਉੱਠਕੇ ਸਰਬਸੰਮਤੀ ਨਾਲ ਆਪਣੀ ਕਾਰਜਕਾਰਨੀ ਦੀ ਚੋਣ ਕੀਤੀ। ਇਸ ਸਾਰੀ ਰੂਪ ਰੇਖਾ ਨੂੰ ਉਲੀਕਣ ਵਾਲੇ ਤੇ ਇਸ ਸੰਕਲਪ ਦਾ ਸੁਪਨਾ ਦੇਖਣ ਵਾਲ ਭਾਈ ਦਲਜੀਤ ਸਿੰਘ ਨੂੰ ਹੀ ਉਕਤ ਸੰਸਥਾ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਸੀਂ ਉਨ੍ਹਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਨਿਊਜ਼ੀਲੈਂਡ ਦੀ ਸਮੁੱਚੀ ਸਿੱਖ ਸੰਗਤ ਨੂੰ ਇਕਜੁੱਟ ਹੀ ਨਹੀਂ ਕਰਨਗੇ, ਸਗੋਂ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਲਈ ਉਦਾਹਰਨ ਵੀ ਬਣਨਗੇ ਕਿਉਂਕਿ ਇਹ ਡਿਊਟੀ ਉਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਲਾਈ ਗਈ ਸੀ, ਜਿਸ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ। ਜਿਸ ਕਿਸਮ ਦੀ ਉਦਾਹਰਨ ਕੋਵਿਡ ਬਿਮਾਰੀ ਦੌਰਾਨ ਨਿਊਜ਼ੀਲੈਂਡ ਦੇ ਸਿੱਖਾਂ ਨੇ ਸਥਾਪਤ ਕੀਤੀ। ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ 'ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ, ਪਿਸਤੌਲ ਤੇ ਕਾਰਤੂਸ ਸੁੱਟੇ ਹੁਣ ਸਿੱਖ ਸੰਗਤ ਦੀ ਬਿਹਤਰੀ ਲਈ ਉਸ ਤੋਂ ਵੀ ਵਧੇਰੇ ਕਾਰਜਕੁਸ਼ਲਤਾ ਨਾਲ ਕੰਮ ਕਰਨਗੇ। ਸਿੰਘ ਸਾਹਿਬ ਨੇ ਇਕ ਵਾਰ ਫਿਰ ਸਮੁੱਚੀ ਨਵੀਂ ਚੁਣੀ ਕਾਰਜਕਾਰਨੀ ਤੇ ਨਿਊਜ਼ੀਲੈਂਡ ਦੀ ਸਿੱਖ ਸੰਗਤ ਨੂੰ ਆਪਣੀ ਕੌਮੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਥਾਪਨਾ ਉਤੇ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਸਾਰੇ ਸੇਵਾਦਾਰਾਂ ਤੇ ਮੈਂਬਰਾਂ ਨੂੰ ਇਸੇ ਤਰਾਂ ਪਿਆਰ ਨਾਲ ਮਿਲ-ਜੁਲ ਕੇ ਕੰਮ ਕਰਨ ਦਾ ਬਲ ਬਖਸ਼ਿਸ਼ ਕਰਨ। -PTC News