ਆਬਕਾਰੀ ਨੀਤੀ ਨੂੰ ਲੈ ਕੇ ਭਾਜਪਾ ਵਰਕਰ ਮਨੀਸ਼ ਸਿਸ਼ੋਦੀਆ ਦੀ ਰਿਹਾਇਸ਼ ਅੱਗੇ ਭੜਕੇ
ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੂੰ ਲੈ ਕੇ ਉਪ ਰਾਜਪਾਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਹਮੋ-ਸਾਹਮਣੇ ਹਨ। ਇਸ ਵਿਚਕਾਰ ਭਾਜਪਾ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲ ਦਿੱਤਾ। ਇਸ ਦੌਰਾਨ ਦਿੱਲੀ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਦੇ ਬਾਹਰ 'ਆਪ' ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦਾ ਵਿਰੋਧ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਬੈਰੀਕੇਡਿੰਗ 'ਤੇ ਚੜ੍ਹ ਕੇ ਨਾਅਰੇ ਲਗਾ ਰਹੇ ਸਨ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਉਪ ਰਾਜਪਾਲ ਨੇ ਆਬਕਾਰੀ ਨੀਤੀ ਤਹਿਤ ਸ਼ਰਾਬ ਦੇ ਲਾਇਸੈਂਸਾਂ ਦੀ ਅਲਾਟਮੈਂਟ ਵਿੱਚ ਘਪਲੇ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਉਪ ਰਾਜਪਾਲ ਦੇ ਫ਼ੈਸਲੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪ ਮੁੱਖ ਮੰਤਰੀ ਕਮ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ 'ਤੇ ਝੂਠਾ ਕੇਸ ਬਣਾਇਆ ਜਾ ਰਿਹਾ ਹੈ। LG ਨੇ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਦੀ ਰਿਪੋਰਟ 'ਤੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਬਕਾਰੀ ਨੀਤੀ 2021-22 ਵਿੱਚ ਲਾਇਸੈਂਸਾਂ ਦੀ ਅਲਾਟਮੈਂਟ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਅਲਾਟਮੈਂਟ ਵਿੱਚ ਕਈ ਖਾਮੀਆਂ ਰਹਿ ਗਈਆਂ ਹਨ, ਜਿਸ ਕਾਰਨ ਵੱਡੀ ਪੱਧਰ ਉਤੇ ਗੜਬੜੀ ਹੋਣ ਦੀ ਸੰਭਾਵਨਾ ਹੈ। ਨੀਤੀ ਦੀ ਉਲੰਘਣਾ ਕਰਕੇ ਟੈਂਡਰ ਪ੍ਰਕਿਰਿਆ ਵਿੱਚ ਨਾਜਾਇਜ਼ ਫਾਇਦਾ ਉਠਾਇਆ ਗਿਆ। ਰਿਪੋਰਟ ਦੀ ਕਾਪੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਭੇਜੀ ਗਈ ਹੈ। ਇਹ ਨੀਤੀ ਪਿਛਲੇ ਸਾਲ 17 ਨਵੰਬਰ ਨੂੰ ਲਾਗੂ ਕੀਤੀ ਗਈ ਸੀ ਜਿਸ ਦਾ ਮਕਸਦ ‘ਆਪ’ ਸਰਕਾਰ ਲਈ ਸ਼ਰਾਬ ਜ਼ਰੀਏ ਵੱਧ ਮਾਲੀਆ ਇਕੱਠਾ ਕਰਨਾ ਸੀ ਜਿਸ ਲਈ 32 ਜ਼ੋਨਾਂ ’ਚ ਸ਼ਹਿਰ ਨੂੰ ਵੰਡਦੇ ਹੋਏ ਧੜਾ-ਧੜ 849 ਠੇਕਿਆਂ ਲਈ ਪ੍ਰਾਈਵੇਟ ਬੋਲੀਕਾਰਾਂ ਨੂੰ ਪਰਚੂਨ ਲਾਇਸੈਂਸ ਜਾਰੀ ਕੀਤੇ ਗਏ ਸਨ। ਇਹ ਵੀ ਪੜ੍ਹੋ : ਟਿਊਬਵੈਲਾਂ ਦੇ ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ