RBI ਵੱਲੋਂ ਰੈਪੋ ਰੇਟ 'ਚ 0.50 ਫ਼ੀਸਦੀ ਦਾ ਵਾਧਾ, ਕਰਜ਼ਾ ਹੋਇਆ ਮਹਿੰਗਾ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਦਰ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ (ਆਰਬੀਆਈ) ਨੇ ਹੁਣ ਰੈਪੋ ਰੇਟ 4.40 ਫੀਸਦੀ ਤੋਂ ਵਧਾ ਕੇ 4.90 ਫੀਸਦੀ ਕਰ ਦਿੱਤਾ ਹੈ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ MPC ਨੇ ਪਾਲਿਸੀ ਰੈਪੋ ਰੇਟ ਨੂੰ 50 bps ਵਧਾ ਕੇ 4.90% ਕਰਨ ਲਈ ਸਰਬਸੰਮਤੀ ਨਾਲ ਵੋਟਿੰਗ ਕੀਤੀ ਹੈ। ਆਰਬੀਆਈ ਦੇ ਫੈਸਲੇ ਨਾਲ ਲੋਨ ਲੈਣਾ ਅਤੇ ਈਐਮਆਈ ਵਧਣਾ ਤੈਅ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਬੈਠਕ 6 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਤਿੰਨ ਦਿਨਾਂ ਤਕ ਚੱਲੀ ਮੈਰਾਥਨ ਬੈਠਕ ਤੋਂ ਬਾਅਦ ਅੱਜ ਆਰਬੀਆਈ ਆਪਣੇ ਫੈਸਲਿਆਂ ਦਾ ਐਲਾਨ ਕੀਤਾ ਹੈ। ਜੇਕਰ ਰਿਜ਼ਰਵ ਬੈਂਕ ਅੱਜ ਰੈਪੋ ਰੇਟ 'ਚ ਵਾਧੇ ਨਾਲ ਇਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਪਵੇਗਾ ਅਤੇ ਕਈ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਮਈ ਮਹੀਨੇ ਵਿੱਚ ਵੀ ਮੁਦਰਾ ਨੀਤੀ ਦੀ ਸਮੀਖਿਆ ਤੋਂ ਬਾਅਦ ਆਰਬੀਆਈ ਨੇ ਨੀਤੀਗਤ ਦਰਾਂ ਵਿੱਚ ਵਿਆਜ ਵਧਾ ਦਿੱਤਾ ਸੀ, ਜਿਸ ਤੋਂ ਬਾਅਦ ਸਾਰੇ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਨੇ ਵੀ ਕਰਜ਼ੇ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ। ਆਰਬੀਆਈ ਦੀ ਮੁਦਰਾ ਨੀਤੀ ਸਮੀਖਿਆ ਆਧਾਰ ਦਰਾਂ ਵਿੱਚ ਵਾਧੇ ਦੇ ਸੰਕੇਤ ਦਿੰਦੀ ਹੈ। ਉਮੀਦ ਹੈ ਕਿ ਭਾਰਤੀ ਰਿਜ਼ਰਵ ਬੈਂਕ ਰੈਪੋ ਦਰਾਂ 'ਚ 0.25 ਤੋਂ 0.50 ਫੀਸਦੀ ਤਕ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਆਮ ਲੋਕਾਂ ਉਤੇ ਕਾਫੀ ਬੋਝ ਵਧੇਗਾ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਹਿਲਾਂ ਹੀ ਸੰਭਾਵਨਾ ਜਤਾਈ ਹੈ ਕਿ ਨੀਤੀਗਤ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਪਰ ਇਹ ਕਿੰਨੀ ਵਧੇਗੀ ਇਹ ਅੱਜ ਹੀ ਪਤਾ ਲੱਗ ਸਕਦਾ ਹੈ। ਆਰਬੀਆਈ ਨੇ ਪਿਛਲੇ ਮਹੀਨੇ ਅਨਸੂਚਿਤ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਵਿੱਚ ਰੇਪੋ ਦਰ ਵਿੱਚ 0.40 ਫੀਸਦੀ ਦਾ ਵਾਧਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਪ੍ਰਚੂਨ ਮਹਿੰਗਾਈ ਲਗਾਤਾਰ 7ਵੇਂ ਮਹੀਨੇ ਵਧ ਕੇ 7.79 ਫੀਸਦੀ ਦੇ 8 ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਦਰਅਸਲ, ਯੂਕਰੇਨ-ਰੂਸ ਜੰਗ ਕਾਰਨ ਈਂਧਨ ਸਮੇਤ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਥੋਕ ਕੀਮਤਾਂ 'ਤੇ ਆਧਾਰਿਤ ਮਹਿੰਗਾਈ ਪਿਛਲੇ 13 ਮਹੀਨਿਆਂ ਤੋਂ ਦੋਹਰੇ ਅੰਕਾਂ 'ਚ ਬਣੀ ਹੋਈ ਹੈ ਤੇ ਅਪ੍ਰੈਲ 'ਚ ਇਹ 15.08 ਫੀਸਦੀ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਹੋਣ ਕਾਰਨ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ਸੋਨੀਆ ਗਾਂਧੀ