NHM ਦੇ ਕੱਚੇ ਮੁਲਾਜ਼ਮਾਂ ਦਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਹੱਲਾ ਬੋਲ
ਸੰਗਰੂਰ: NHM ਦੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਨਿਵਾਸ 'ਤੇ ਹੱਲਾ ਬੋਲ ਦਿੱਤਾ ਹੈ।ਪੂਰੇ ਪੰਜਾਬ ਤੋਂ ਆਪਣੀਆਂ ਮੰਗਾਂ ਲੈ ਕੇ ਆਏ NHM ਕੱਚੇ ਮੁਲਾਜ਼ਮ ਵੱਡੀ ਗਿਣਤੀ 'ਚ ਮੁੱਖ ਮੰਤਰੀ ਰਿਹਾਇਸ਼ ਵੱਲ ਵਧੇ।ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਸੰਗਰੂਰ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਹੁਤ ਵਾਅਦੇ ਕੀਤੇ ਜਾ ਰਹੇ ਹਨ, ਪਰ ਸਿਹਤ ਸੇਵਾਵਾਂ ਦੇਣ ਵਾਲੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜਮਾਂ ਤੋਂ ਪੰਜਾਬ ਸਰਕਾਰ ਕਿਨਾਰਾ ਕਰਦੀ ਨਜਰ ਆ ਰਹੀ ਹੈ। ਨੈਸ਼ਨਲ ਹੈਲਥ ਮਿਸ਼ਨ ਅਧੀਨ ਮੁਲਾਜਮ ਪਿੱਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ, ਜਿਨ੍ਹਾਂ ਨਾਲ ਸਮੇਂ ਦੀਆਂ ਸਰਕਾਰਾਂ ਨੇ ਹਰ ਵਾਰ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਨੈਸ਼ਨਲ ਹੈਲਸ਼ ਮਿਸ਼ਨ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਵਿੱਚ ਹੀ ਯੋਗ ਪ੍ਣਾਲੀ ਰਾਹੀ ਭਰਤੀ ਹੋਏ ਸਮੂਹ ਐੱਨ.ਐੱਚ.ਐੱਮ ਮੁਲਾਜ਼ਮਾਂ (ਕਰੋਨਾ ਯੋਧਿਆਂ) ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇਗਾ, ਪ੍ਰੰਤੂ ਹੁਣ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ, ਜਿਸ ਦੇ ਵਿਰੋਧ ਵਿੱਚ ਰੋਸ ਵਜੋਂ ਅੱਜ ਸੂਬੇ ਭਰ ਦੇ ਹਜਾਰਾਂ ਸਿਹਤ ਮੁਲਾਜਮਾਂ ਦੀ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੂਬਾ ਭਰ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਪਿਛਲੇ ਹਫ਼ਤੇ ਵੀ ਮਿਤੀ 12 ਸਤੰਬਰ ਨੂੰ 12 ਤੋਂ 2 ਵਜੇ ਤੱਕ 2 ਘੰਟੇ ਲਈ ਮੁਕੱਮਲ ਤੌਰ ਤੇ ਕੰਮ ਬੰਦ ਕਰਕੇ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਅਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ। ਜੋਗਿੰਦਰ ਸਿੰਘ ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਮੁਲਾਜਮਾਂ ਦੁਆਰਾ ਕੋਵਿਡ-19 ਮਹਾਂਮਾਰੀ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਲਈ ਸਪੈਸ਼ਲ ਯੂਨੀਵਰਸਲ ਰੈਗੂਲਾਇਜੇਸ਼ਨ ਪਾਲਿਸੀ ਬਣਾ ਕੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਜਮਾਂ ਨੂੰ ਬਿਨਾਂ ਭੇਦਭਾਵ ਦੇ ਰੈਗੂਲਰ ਕਰੇ ਨਹੀਂ ਤਾਂ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਨਰਾਜ਼ ਆਪਣੇ ਰੋਸ ਪ੍ਰਦਰਸ਼ਨਾਂ ਦੇ ਤਹਿਤ ਅੱਜ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਵੱਲੋਂ ਸਰਕਾਰ ਦੇ ਖਿਲਾਫ਼ ਸੜਕਾਂ ਤੇ ਉਤਰਨ ਦਾ ਫੈਸਲਾ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਕਿਰਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਕਮਲਜੀਤ ਕੌਰ ਬਰਨਾਲਾ ਪ੍ਰੈੱਸ ਸਕੱਤਰ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਪੰਜਾਬ ਸਰਕਾਰ ਨੈਸ਼ਨਲ ਹੈਲਸ਼ ਮਿਸ਼ਨ ਦੇ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ ਪੂਰਨ ਤੌਰ ਤੇ ਐਲਾਨ ਨਹੀਂ ਕਰਦੀ ਉਦੋਂ ਤੱਕ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਤੋਂ ਬਾਅਦ ਪੰਜਾਬ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਸੜਕਾਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਸਿੱਖ ਨੌਜਵਾਨ ਨੂੰ ਮਿਲਿਆ ਸਨਮਾਨ, ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ -PTC News