ਪੰਜਾਬ ਸਰਕਾਰ ਨੇ ਚਾਈਨਾ ਵਾਇਰਸ ਨਾਲ ਖ਼ਰਾਬ ਹੋਏ ਝੋਨੇ ਦੀ ਗਿਰਦਾਵਰੀ ਦੇ ਦਿੱਤੇ ਹੁਕਮ
ਪਟਿਆਲਾ : ਪੰਜਾਬ ਸਰਕਾਰ ਨੇ ਚਾਇਨਾ ਵਾਇਰਸ ਨਾਲ ਖ਼ਰਾਬ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਦੇ ਫਾਈਨਾਂਸ਼ੀਅਲ ਕਮਿਸ਼ਨਰ ਰੈਵੇਨਿਊ ਕੇਏਪੀ ਸਿਨਹਾ ਵੱਲੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਪਟਿਆਲਾ ਫਤਹਿਗੜ੍ਹ ਸਾਹਿਬ ਹੁਸ਼ਿਆਰਪੁਰ, ਰੋਪੜ ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿਚ ਗਿਰਦਵਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਫਾਈਨਾਂਸ਼ੀਅਲ ਕਮਿਸ਼ਨਰ ਰੈਵੇਨਿਊ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਫਾਇਨਾਂਸ਼ੀਅਲ ਕਮਿਸ਼ਨਰ ਰੈਵੇਨਿਊ ਕੋਲ ਚੁੱਕਿਆ ਗਿਆ ਸੀ ਅਤੇ ਉਨ੍ਹਾਂ ਦੀ ਬੇਨਤੀ ਉਤੇ ਚਾਈਨਾ ਵਾਇਰਸ ਦੀ ਨਾਲ ਖ਼ਰਾਬ ਹੋਏ ਝੋਨੇ ਦੀ ਗਿਰਦਾਵਰੀ ਕਿਤੇ ਜਾਣ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਪ੍ਰੋ. ਚੰਦੂਮਾਜਰਾ ਨੇ ਕੁੱਝ ਦਿਨ ਪਹਿਲਾਂ ਪਟਿਆਲਾ ਦੇ ਸਨੌਰ ਤੇ ਘਨੌਰ ਹਲਕਿਆਂ ਦਾ ਦੌਰਾ ਕੀਤਾ ਸੀ ਤੇ ਪੀੜ੍ਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਵੀ ਲਿਆ ਸੀ ਤੇ ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ FCR ਕੇਏਪੀ ਸਿਨਹਾ ਨਾਲ ਫੋਨ ਉਤੇ ਗੱਲਬਾਤ ਵੀ ਕੀਤੀ ਸੀ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ। ਇਹ ਵੀ ਪੜ੍ਹੋ : ਸਰਕਸ ਦੇਖਣ ਦੇ ਹੋ ਸ਼ੌਂਕੀਨ 'ਤੇ ਹੋ ਜਾਓ ਤਿਆਰ! ਚੰਡੀਗੜ੍ਹ 'ਚ 4 ਸਾਲ ਬਾਅਦ ਲੱਗਣ ਜਾ ਰਿਹਾ ਹੈ ਸਰਕਸ ਕਾਬਿਲੇਗੌਰ ਹੈ ਕਿ ਚਾਇਨਾ ਵਾਇਰਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਝੋਨੇ ਦੀ ਫ਼ਸਲ ਤਬਾਹ ਹੋ ਗਈ, ਜਿਸ ਕਾਰਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਫ਼ਸਲ ਵਾਹ ਦਿੱਤੀ। ਵੱਖ-ਵੱਖ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਕੋਲੋਂ ਨੁਕਸਾਨੀ ਗਈ ਫ਼ਸਲ ਲਈ ਮੁਆਵਜ਼ੇ ਦੀ ਮੰਗ ਕਰ ਰਹੀਆਂ ਸਨ। ਇਸ ਨੂੰ ਵੇਖਦੇ ਹੋਏ ਅੱਜ ਪੰਜਾਬ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਰਿਪੋਰਟ-ਗਗਨਦੀਪ ਆਹੂਜਾ -PTC News