ਬਾਬਾ ਫ਼ਰੀਦ 'ਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਰਾਜਪਾਲ ਆਹਮੋ-ਸਾਹਮਣੇ
ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਮੁੜ ਲਟਕਦੀ ਨਜ਼ਰ ਆ ਰਹੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਡਾ. ਗੁਰਪ੍ਰੀਤ ਸਿੰਘ ਵਾਂਡਰ ਦੇ ਨਾਮ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ, ਜਿਸ ਉਪਰ ਰਾਜ ਭਵਨ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਦੇ ਨਾਮ ਸਿਫਾਰਿਸ਼ ਵਾਲੀ ਫਾਈਲ ਰਾਜਪਾਲ ਨੂੰ ਭੇਜ ਦਿੱਤੀ ਗਈ ਸੀ, ਜਿਸ 'ਤੇ ਉਨ੍ਹਾਂ ਇਤਰਾਜ਼ ਪ੍ਰਗਟ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਫਾਈਲ ਇਹ ਕਹਿ ਕੇ ਮੋੜੀ ਦਿੱਤੀ ਗਈ ਹੈ ਕਿ ਸਰਚ ਕਮੇਟੀ ਵੱਲੋਂ ਸ਼ਾਰਟਲਿਸਟ ਕੀਤੇ ਤਿੰਨ ਨਾਮਾਂ ਦਾ ਪੈਨਲ ਹੀ ਭੇਜਿਆ ਜਾਵੇ। ਹਾਲਾਂਕਿ ਅਜੇ ਤਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਤੇ ਮੁੱਖ ਮੰਤਰੀ ਆਫਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਫਾਈਲ ਨਹੀਂ ਮਿਲੀ ਹੈ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੂਰੀ ਪ੍ਰਕਿਰਿਆ ਦਾ ਪਾਲਣਾ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਕਰਨ ਦਾ ਕਹਿ ਕੇ ਫਾਈਲ ਵਾਪਸ ਭੇਜ ਦਿੱਤੀ ਹੈ। ਕਾਬਿਲੇਗ਼ੌਰ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਨਵਾਂ ਵੀਸੀ ਨਿਯੁਕਤ ਕੀਤਾ ਗਿਆ ਹੈ। ਉਹ ਡੀਐਮਸੀ ਲੁਧਿਆਣਾ 'ਚ ਕਾਰਡੀਓਲੋਜਿਸਟ ਵਿਭਾਗ ਦੇ ਮੁਖੀ ਹਨ ਤੇ ਕੌਮਾਂਤਰੀ ਪੱਧਰ 'ਤੇ ਦਿਲ ਦੇ ਰੋਗਾਂ ਦੇ ਮਾਹਿਰ ਹਨ। ਇਹ ਵੀ ਪੜ੍ਹੋ : ਪ੍ਰੇਮ ਵਿਆਹ ਟੁੱਟਣ ਮਗਰੋਂ ਕਬੱਡੀ ਖਿਡਾਰੀ ਨੇ ਰਚੀ ਖ਼ੁਦ ਨੂੰ ਅਗ਼ਵਾ ਕਰਨ ਦੀ ਸਾਜ਼ਿਸ਼ ਯੂਨੀਵਰਸਿਟੀ ਤੋਂ ਡਾ. ਰਾਜ ਬਹਾਦਰ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਦਸਲੂਕੀ ਕਰਨ ਮਗਰੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਪਿਛੋਂ ਜਦੋਂ ਸਰਕਾਰ ਨੇ ਇਸ ਅਹੁਦੇ ਉਪਰ ਨਵੇਂ ਵੀਸੀ ਲਈ ਅਪਲਾਈ ਕੀਤਾ ਤਾਂ 22 ਲੋਕਾਂ ਨੇ ਅਪਲਾਈ ਕੀਤਾ। ਇਨ੍ਹਾਂ ਅਰਜ਼ੀਆਂ ਦੀ ਪੜਤਾਲ ਉਪਰੰਤ ਮੁੱਖ ਮੰਤਰੀ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਤੌਰ ਉਤੇ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦੇ ਸਕਦੇ। ਉਨ੍ਹਾਂ ਨੇ ਤਿੰਨ ਲੋਕਾਂ ਦਾ ਪੈਨਲ ਰਾਜਪਾਲ ਨੂੰ ਭੇਜਣਾ ਹੁੰਦਾ ਹੈ ਜਿਨ੍ਹਾਂ ਵਿਚੋਂ ਉਹ ਇਕ ਦੀ ਚੋਣ ਕਰ ਕੇ ਉਸ ਦੀ ਨਿਯੁਕਤੀ ਦਾ ਹੁਕਮ ਜਾਰੀ ਕਰਦੇ ਹਨ। -PTC News