ਸਦਨ ਦੀ ਤੀਜੇ ਦਿਨ ਦੀ ਕਾਰਵਾਈ ਭਾਰੀ ਹੰਗਾਮਾ ਕਾਰਨ ਸੋਮਵਾਰ ਤੱਕ ਲਈ ਮੁਲਤਵੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸੋਮਵਾਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਵਿਜੀਲੈਂਸ ਕਮਿਸ਼ਨ ਨੂੰ ਦੂਜੀ ਵਾਰ ਭੰਗ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਦੇ ਤੀਜੇ ਦਿਨ ਵੀ ਸਦਨ ਦੇ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸੀ ਵਿਧਾਇਕਾਂ ਵੱਲੋਂ ਮੰਤਰੀ ਸਰਾਰੀ ਉਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਉਤੇ ਜ਼ਬਰਦਸਤ ਹੰਗਾਮਾ ਕੀਤਾ ਗਿਆ। ਇਸ ਮੌਕੇ ਸਿਫ਼ਰ ਕਾਲ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਤੇ ਮੁਆਵਜ਼ੇ ਦਾ ਮੁੱਦਾ ਚੁੱਕਿਆ। ਪੰਜਾਬ ਵਿਧਾਨ ਸਭਾ ਵਿੱਚ ਅੱਜ ਮੰਤਰੀ ਫੌਜਾ ਸਿੰਘ ਸਰਾਰੀ ਦੀ ਇੱਕ 'ਵਾਇਰਲ ਆਡੀਓ' ਦੇ ਮੁੱਦੇ ਉਤੇ ਜ਼ੋਰਦਾਰ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਉਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਮੁੱਦੇ ਉਤੇ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫਰ ਕਾਲ ਦੌਰਾਨ ਉਠੇ ਕਿਸੇ ਵੀ ਮੁੱਦੇ ਉਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ। ਇਹ ਵੀ ਪੜ੍ਹੋ : ਕਰਜ਼ਾ ਲੈਣਾ ਹੋਇਆ ਮਹਿੰਗਾ, RBI ਨੇ 0.50 ਫ਼ੀਸਦੀ ਵਧਾਏ ਰੈਪੋ ਰੇਟ ਮੁੱਖ ਮੰਤਰੀ ਦੇ ਬਿਆਨ ਉਤੇ ਅੜੀ ਵਿਰੋਧੀ ਧਿਰ ਨੇ ਜਦੋਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਕਾਂਗਰਸੀ ਵਿਧਾਨਕਾਰ ਸੁਖਵਿੰਦਰ ਕੋਟਲੀ ਨੇ ਆਦਮਪੁਰ ਦੇ ਫਲਾਈਓਵਰ ਨਾ ਬਣਨ ਕਰਕੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਨਗਰ ਕੌਂਸਲ ਦੀ ਰੋਕੀ 6 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ਗੁਰਪ੍ਰੀਤ ਗੋਗੀ ਤੇ ਗੁਰਦਿੱਤ ਸੇਖੋਂ ਨੇ ਸਕੂਲਾਂ ਲਈ ਅਥਾਰਟੀ ਬਣਾਉਣ ਤੇ ਸਕੂਲਾਂ ਵਿਚ PT-DP ਦੀ ਭਰਤੀ ਦੀ ਮੰਗ ਕੀਤੀ। ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਸਪੀਕਰ ਸਾਹਿਬ ਨੂੰ ਬੇਨਤੀ ਕਿ ਉਨ੍ਹਾਂ ਦਾ ਨਾਮ ਸਹੀ ਬੋਲਿਆ ਜਾਵੇ, ਸਪੀਕਰ ਸਾਹਿਬ ਨੇ ਉਨ੍ਹਾਂ ਦਾ ਨਾਮ ਬਲਵਿੰਦਰ ਸਿੰਘ ਲਾਡੀ ਕਹਿ ਦਿੱਤਾ ਸੀ। ਲਾਡੀ ਨੇ ਸ਼ਾਹਕੋਟ ਹਲਕੇ ਦੇ ਤਿੰਨ ਬਲਾਕਾਂ ਵਿਚ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਨਾ ਹੋਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ BDPO ਨਾ ਹੋਣ ਕਰਕੇ ਪੰਚਾਇਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਦੀਪ ਜਾਖੜ ਨੇ ਫਾਜ਼ਿਲਕਾ, ਅਬੋਹਰ, ਬੱਲੂਆਣਾ ਤੇ ਜਲਾਲਾਬਾਦ ਹਲਕੇ ਦੇ ਲੋਕਾਂ/ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁੱਦਾ ਚੁੱਕਦਿਆਂ ਕਿਹਾ ਮੁੱਖ ਮੰਤਰੀ ਨੇ 7 ਸਤੰਬਰ ਨੂੰ 32 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਅੱਜ ਤਕ ਖਜ਼ਾਨੇ 'ਚ ਕੋਈ ਪੈਸਾ ਨਹੀਂ ਪੁੱਜਿਆ। -PTC News