ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਮੈਡੀਕਲ ਸੁਪਰਡੈਂਟ ਖ਼ਿਲਾਫ਼ ਖੋਲ੍ਹਿਆ ਮੋਰਚਾ
ਪਟਿਆਲਾ : ਵੀਰਵਾਰ ਤੜਕਸਾਰ ਭੜਕੀਆਂ ਨਰਸਾਂ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫਤਰ ਮੂਹਰੇ ਧਰਨਾ ਲਗਾ ਲਿਆ ਗਿਆ ਹੈ। ਭੜਕੀਆਂ ਨਰਸਾਂ ਵੱਲੋਂ ਮੈਡੀਕਲ ਸੁਪਰਡੈਂਟ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ। ਭੜਕੀਆਂ ਨਰਸਾਂ ਨੇ ਦੋਸ਼ ਲਾਏ ਕਿ ਮੈਡੀਕਲ ਸੁਪਰਡੈਂਟ ਵੱਲੋਂ ਨਰਸ ਸਟਾਫ ਦੇ ਨਾਲ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਦੌਰਾਨ ਆਗੂ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੰਘੇ ਕੱਲ੍ਹ ਦੁਪਹਿਰ ਨੂੰ ਨਰਸਿੰਗ ਸੁਪਰਡੈਂਟ ਨਾਲ ਮੈਡੀਕਲ ਸੁਪਰਡੈਂਟ ਵੱਲੋਂ ਗ਼ਲਤ ਵਿਵਹਾਰ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਇਹ ਧਰਨਾ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਜਦੋਂ ਤਕ ਮੈਡੀਕਲ ਸੁਪਰਡੈਂਟ ਵੱਲੋਂ ਨਰਸਿੰਗ ਸਟਾਫ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਨ ਦਾ ਸਿਲਸਿਲਾ ਬੰਦ ਨਹੀਂ ਕੀਤਾ ਜਾਂਦਾ ਉਦੋਂ ਤਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ। ਇਹ ਵੀ ਪੜ੍ਹੋ : ਨਵੇਂ ਨਿਯਮ ਨੇ ਤੋੜਿਆ ਅਧਿਆਪਕ ਬਣਨ ਦਾ ਸੁਪਨਾ, 30 ਸਾਲ ਤੋਂ ਪਿੱਛੋਂ PGT ਲਈ ਨਹੀਂ ਕਰ ਸਕਦੇ ਅਪਲਾਈ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਦੱਸਿਆ ਕਿ ਪ੍ਰਿੰਸੀਪਲ ਜਾਣਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਿਹਾ ਹੈ। ਅਸੀਂ 24 ਘੰਟੇ ਕੰਮ ਕਰਦੇ ਹਾਂ, ਇਸ ਦੇ ਬਾਵਜੂਦ ਪ੍ਰਿੰਸੀਪਲ ਜਾਣਬੁੱਝ ਕੇ ਸਾਨੂੰ ਤੰਗ ਕਰ ਰਿਹਾ ਹੈ ਜਿਸ ਕਾਰਨ ਅਸੀਂ ਧਰਨਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਏ ਸਨ ਤਾਂ, ਸਾਨੂੰ ਵੀਆਈਪੀ ਸੁਰੱਖਿਆ ਨੂੰ ਲੈ ਕੇ ਮਿਲਣ ਨਹੀਂ ਦਿੱਤਾ ਗਿਆ। ਨਰਸਾਂ ਨੇ ਕਿਹਾ ਕਿ ਅਸੀਂ 24 ਘੰਟੇ ਲੋਕਾਂ ਦੀ ਸੇਵਾ ਕਰਦੇ ਹਾਂ ਪਰ ਪ੍ਰਿੰਸੀਪਲ ਸਾਡੇ ਨਾਲ ਸਹੀ ਸਲੂਕ ਨਹੀਂ ਕਰ ਰਿਹਾ। ਪ੍ਰਿੰਸੀਪਲ ਦਾ ਇਹ ਰੋਜ਼ ਦਾ ਕੰਮ ਹੈ। ਮੰਗ ਕੀਤੀ ਹੈ ਕਿ ਪ੍ਰਿੰਸੀਪਲ ਨੂੰ ਹਟਾਇਆ ਜਾਵੇ, ਜਦੋਂ ਤੱਕ ਕਾਰਵਾਈ ਨਹੀਂ ਹੋਵੇਗੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਰਿਪੋਰਟ-ਗਗਨਦੀਪ -PTC News