18 ਅਗਸਤ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ
ਚੰਡੀਗੜ੍ਹ: ਪੰਜਾਬ ਦੇ ਅਹਿਮ ਮੁੱਦਿਆ ਨੂੰ ਲੈ ਕੇ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 18 ਅਗਸਤ ਦਿਨ ਵੀਰਵਾਰ ਨੂੰ ਸਵੇਰੇ 11.30 ਵਜੇ ਕਮੇਟੀ ਕਮਰਾ, ਪੰਜਾਬ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲਿਆ ਉੱਤੇ ਮੋਹਰ ਲੱਗ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 5 ਮਹੀਨੇ ਪੂਰਾ ਹੋਣ ਮਗਰੋਂ ਮੰਗਲਵਾਰ ਨੂੰ ਪੰਜਾਬ ਦੇ 5 ਮੰਤਰੀਆਂ ਵੱਲੋਂ ਮਾਨ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਕੂਲੀ ਸਿੱਖਿਆ, ਮਾਈਨਿੰਗ ਅਤੇ ਭੂ-ਵਿਗਿਆਨ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ, ਬਿਜਲੀ ਤੇ ਲੋਕ ਨਿਰਮਾਣ (ਬੀ ਐਂਡ ਆਰ) ਮੰਤਰੀ ਹਰਭਜਨ ਸਿੰਘ ਈਟੀਓ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ-ਆਪਣੇ ਮਹਿਕਮਿਆਂ ਦੇ ਰਿਪੋਰਟ ਕਾਰਡ ਪੇਸ਼ ਕੀਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਬਾਅਦ 6349 ਕਰੋੜ ਦੇ ਕਰਜ਼ੇ ਵਾਪਸ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਸਰਕਾਰ ਨੇ 10729 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੀਐਸਟੀ ਕੁਲੈਕਸ਼ਨ ਵਿੱਚ 24.15 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਦਾ ਟੀਚਾ 27 ਫ਼ੀਸਦੀ ਸੀ ਪਰ ਅਜੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਆਉਣਾ ਹੈ ਜਿਸ ਕਰ ਕੇ ਇਹ ਹੋਰ ਵਧੇਗਾ।
ਉਨ੍ਹਾਂ ਕਿਹਾ ਕਿ ਐਕਸਾਈਜ਼ ਰਾਹੀਂ ਅਸੀਂ 56 ਫ਼ੀਸਦੀ ਟੀਚਾ ਰੱਖਿਆ ਸੀ ਤੇ ਹੁਣ ਤੱਕ 43 ਫ਼ੀਸਦੀ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਪੰਜਾਬ ਵਿੱਚੋਂ ਸ਼ਰਾਬ ਮਾਫੀਆ ਸਮਾਪਤ ਕੀਤਾ ਗਿਆ ਹੈ। ਕੇਂਦਰ ਸਰਕਾਰ ਤੋਂ 703 ਕਰੋੜ ਰੁਪਏ ਮਿਲੇ ਹਨ। ਸਹਿਕਾਰਤਾ ਵਿਭਾਗ ਵੱਲੋਂ ਨਾਬਾਰਡ ਨੂੰ ਲੈਣ-ਦੇਣ ਕਰਨ ਲਈ 525 ਕਰੋੜ ਰੁਪਏ ਦਿੱਤੇ ਗਏ। ਉਨ੍ਹਾਂ ਦੇ ਮੁਲਾਜ਼ਮਾਂ ਨੂੰ 188 ਕਰੋੜ ਦੀ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ 200 ਕਰੋੜ ਗੰਨੇ ਦੀ ਅਦਾਇਗੀ ਕੀਤੀ ਗਈ। ਪਨਸਪ ਲਈ 100 ਕਰੋੜ ਦਿੱਤੇ ਗਏ। ਕਿਸਾਨਾਂ ਦੀ ਬਿਹਤਰੀ ਲਈ 66.56 ਰੁਪਏ ਦਿੱਤੇ ਗਏ।
ਇਹ ਵੀ ਪੜ੍ਹੋ:ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਨਹੀਂ ਦਿੱਤੀ ਰਾਹਤ, 18 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
-PTC News