ਜਕਾਰਤਾ 'ਚ ਅੱਗ ਲੱਗਣ ਮਗਰੋਂ ਮਸਜਿਦ ਦਾ ਵਿਸ਼ਾਲ ਗੁੰਬਦ ਢੇਰੀ
ਜਕਾਰਤਾ : ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਇਸਲਾਮਿਕ ਸੈਂਟਰ ਮਸਜਿਦ ਦਾ ਵਿਸ਼ਾਲ ਗੁੰਬਦ ਨੂੰ ਅੱਗ ਲੱਗਣ ਕਾਰਨ ਢਹਿ ਗਿਆ। ਉੱਤਰੀ ਜਕਾਰਤਾ 'ਚ ਜਾਮੀ ਮਸਜਿਦ ਦੇ ਵੱਡੇ ਗੁੰਬਦ 'ਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਇਹ ਹੇਠਾਂ ਡਿੱਗ ਗਈ। ਅੱਗ ਲੱਗਣ ਤੋਂ ਬਾਅਦ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ। ਇਹ ਮੰਜ਼ਰ ਅਜਿਹਾ ਸੀ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਸਥਾਨਕ ਮੀਡੀਆ ਮੁਤਾਬਕ ਇਸ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁੰਬਦ ਕੰਪਲੈਕਸ 'ਚ ਅੱਗ ਉਸ ਸਮੇਂ ਲੱਗੀ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਪੂਰਾ ਗੁੰਬਦ ਢਹਿ ਗਿਆ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮਸਜਿਦ ਦੀ ਮੁਰੰਮਤ ਦਾ ਕੰਮ ਕਰਨ ਵਾਲੀ ਠੇਕੇਦਾਰ ਕੰਪਨੀ ਦੇ ਚਾਰ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਜਕਾਰਤਾ ਮਸਜਿਦ ਦੇ ਗੁੰਬਦ ਦੇ ਡਿੱਗਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਗੁੰਬਦ ਦੇ ਇਕ ਹਿੱਸੇ ਨੂੰ ਅੱਗ ਲੱਗੀ ਹੋਈ ਹੈ। ਕਈ ਲੋਕ ਇਸ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਹਨ ਪਰ ਤੇਜ਼ ਹਵਾ ਕਾਰਨ ਅੱਗ ਵਧਦੀ ਜਾ ਰਹੀ ਹੈ। ਗੁੰਬਦ ਦੇ ਆਲੇ-ਦੁਆਲੇ ਬਹੁਤ ਧੂੰਆਂ ਹੈ, ਫਿਰ ਅਚਾਨਕ ਗੁੰਬਦ ਤਾਸ਼ ਦੇ ਪੱਤੇ ਵਾਂਗ ਢਹਿ ਗਿਆ। ਇਹ ਵੀ ਪੜ੍ਹੋ : ਆਈਜੀ ਵੱਲੋਂ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲਿਸ ਮੁਖੀਆਂ ਨੂੰ ਹਦਾਇਤਾਂ ਜਾਰੀ ਇੰਡੋਨੇਸ਼ੀਆ ਮੀਡੀਆ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਬਾਅਦ ਅੱਗ ਬੁਝਾਉਣ ਵਾਲਿਆਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਘੱਟੋ-ਘੱਟ 10 ਫਾਇਰ ਬ੍ਰਿਗੇਡ ਗੱਡੀਆਂ ਨੂੰ ਘਟਨਾ ਸਥਾਨ 'ਤੇ ਰਵਾਨਾ ਕੀਤਾ ਗਿਆ। ਹਾਲਾਂਕਿ, ਗੁੰਬਦ ਨੂੰ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਮੀਡੀਆ ਮੁਤਾਬਕ ਗੁੰਬਦ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਇਸੇ ਦੌਰਾਨ ਲੱਗੀ ਹੋ ਸਕਦੀ ਹੈ। -PTC News