ਜਲੰਧਰ 'ਚ ਦਿਸਿਆ ਬੰਦ ਦਾ ਅਸਰ, ਵਾਲਮੀਕਿ ਭਾਈਚਾਰੇ ਨੇ ਬਾਜ਼ਾਰ ਕਰਵਾਏ ਬੰਦ
ਜਲੰਧਰ : ਵਾਲਮੀਕਿ ਤੇ ਰਵਿਦਾਸ ਸਮਾਜ ਵੱਲੋਂ ਜਲੰਧਰ ਬੰਦ ਦੇ ਸੱਦੇ ਮਗਰੋਂ ਅੱਜ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਤੰਗ ਬਾਜ਼ਾਰਾਂ 'ਚ ਵੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਤੇ ਖ਼ੁਦ ਬਾਹਰ ਬੈਠ ਗਏ। ਵਾਲਮੀਕਿ ਸਮਾਜ ਅਤੇ ਰਵਿਦਾਸ ਸਮਾਜ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਵੀਰਵਾਰ ਦੇਰ ਸ਼ਾਮ ਬੰਦ ਨੂੰ ਵਾਪਸ ਲੈ ਲਿਆ ਗਿਆ ਸੀ। ਇਸ ਦੇ ਬਾਵਜੂਦ ਜਲੰਧਰ ਦੀਆਂ ਕੁਝ ਸੰਸਥਾਵਾਂ ਨੇ ਜਲੰਧਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸ਼ਹਿਰ 'ਚ ਦੁਕਾਨਾਂ ਬੰਦ ਰਹੀਆਂ। ਪੁਲਿਸ ਮੁਲਾਜ਼ਮ ਸੁਰੱਖਿਆ ਲਈ ਸੜਕਾਂ ਉਤੇ ਮੌਜੂਦ ਸਨ ਪਰ ਉਹ ਖ਼ੁਦ ਹੀ ਦੁਕਾਨਾਂ ਬੰਦ ਕਰਵਾਉਂਦੇ ਰਹੇ।
ਰਵਿਦਾਸੀਆ ਤੇ ਵਾਲਮੀਕਿ ਸਮਾਜ ਦੇ ਬੰਦ ਦਾ ਅੱਜ ਸ਼ਹਿਰ ਵਿੱਚ ਚੰਗਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਵਿੱਚ ਅੱਜ ਨਾ ਤਾਂ ਬਾਜ਼ਾਰ ਤੇ ਨਾ ਹੀ ਦੁਕਾਨਾਂ ਖੁੱਲ੍ਹੀਆਂ। ਜੋ ਖੁੱਲ੍ਹੇ ਸਨ ਉਨ੍ਹਾਂ ਨੂੰ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਤੇ ਬੜੇ ਹੀ ਸ਼ਾਂਤਮਈ ਢੰਗ ਨਾਲ ਹੱਥ ਜੋੜ ਕੇ ਸਾਰਿਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ। ਸ਼ਹਿਰ ਵਿੱਚ ਰਵਿਦਾਸ ਅਤੇ ਵਾਲਮੀਕਿ ਟਾਈਗਰ ਫੋਰਸ ਦੇ ਮੈਂਬਰਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮੋਟਰਸਾਈਕਲ ਸਾਈਕਲ ਰੈਲੀਆਂ ਕੱਢੀਆਂ।
ਮੋਟਰਸਾਈਕਲਾਂ 'ਤੇ ਵਾਲਮੀਕਿ ਅਤੇ ਰਵਿਦਾਸ ਟਾਈਗਰ ਫੋਰਸ ਦੇ ਮੈਂਬਰ ਅਤੇ ਅਹੁਦੇਦਾਰ ਭਗਵਾਨ ਵਾਲਮੀਕਿ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜੈਕਾਰੇ ਲਗਾ ਰਹੇ ਸਨ। ਬਾਈਕ ਰੈਲੀਆਂ ਕਾਰਨ ਕਈ ਤੰਗ ਬਾਜ਼ਾਰਾਂ ਵਿੱਚ ਦੋਪਹੀਆ ਵਾਹਨ ਵੀ ਟ੍ਰੈਫਿਕ ਜਾਮ ਵਿੱਚ ਫਸਦੇ ਨਜ਼ਰ ਆਏ। ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਹਰ ਗਲੀ-ਮੁਹੱਲੇ, ਚੌਕ ਅਤੇ ਹਰ ਕੋਨੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਭਗਵਾਨ ਵਾਲਮੀਕਿ ਚੌਕ ਤੇ ਸ਼ਹਿਰ ਦੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਬਲ ਜ਼ਿਆਦਾ ਤਾਇਨਾਤ ਕੀਤਾ ਗਿਆ ਸੀ। ਬੰਦ ਕਾਰਨ ਅੱਜ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਰਿਹਾ। ਜ਼ਿਆਦਾਤਰ ਲੋਕ ਘਰਾਂ ਵਿੱਚ ਬੰਦ ਰਹੇ। ਬੇਸ਼ੱਕ ਅੰਮ੍ਰਿਤਸਰ ਤੋਂ ਹੁਕਮ ਜਾਰੀ ਕਰਨ ਵਾਲੇ ਵਾਲਮੀਕਿ ਸਮਾਜ ਦੇ ਆਗੂਆਂ ਨੇ 19 ਅਗਸਤ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਮਿਲਣ ਮਗਰੋਂ ਬੰਦ ਦਾ ਸੱਦਾ ਵਾਪਸ ਲੈ ਲਿਆ ਸੀ ਪਰ ਜਲੰਧਰ ਵਿੱਚ ਰਵਿਦਾਸ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਸੀ।
ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅੱਜ ਰੇਲਵੇ ਰੋਡ ਉਤੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ ਪਰ ਜਿਵੇਂ ਹੀ ਰਵਿਦਾਸ ਟਾਈਗਰ ਫੋਰਸ ਤੇ ਵਾਲਮੀਕਿ ਟਾਈਗਰ ਫੋਰਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਮੈਂਬਰ ਰੇਲਵੇ ਰੋਡ 'ਤੇ ਬਾਜ਼ਾਰ 'ਚ ਪਹੁੰਚ ਗਏ। ਉਨ੍ਹਾਂ ਨੇ ਉਥੇ ਦੁਕਾਨਾਂ ਬੰਦ ਕਰਵਾ ਦਿੱਤੀਆਂ।ਜੋਤੀ ਚੌਕ ਦੇ ਆਲੇ-ਦੁਆਲੇ ਦੀਆਂ ਸਾਰੀਆਂ ਦੁਕਾਨਾਂ ਵੀ ਬੰਦ ਨਜ਼ਰ ਆਈਆਂ। ਇਸ ਦੌਰਾਨ ਰਵਿਦਾਸ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਬੰਦ ਦੇ ਸੱਦੇ ਨੂੰ ਜਲੰਧਰ ਦੀਆਂ ਦੁਕਾਨਦਾਰ ਜਥੇਬੰਦੀਆਂ ਦੀ ਵੀ ਹਮਾਇਤ ਮਿਲੀ ਹੈ। ਦੁਕਾਨਦਾਰਾਂ ਨੇ ਵੀ ਹਮਾਇਤ ਵਿੱਚ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਸਾਰੇ ਵਿਦਿਅਕ ਅਦਾਰਿਆਂ ਨੂੰ ਵੀ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਹੈ। ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲ੍ਹਣ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਵੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ : ਅੰਬੇਡਕਰ ਸੰਯੁਕਤ ਸੰਘਰਸ਼ ਮੋਰਚਾ ਵੱਲੋਂ ਅਨਮੋਲ ਰਤਨ ਸਿੱਧੂ ਖ਼ਿਲਾਫ਼ ਐਟਰੋਸਿਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ