ਪੰਜਾਬ 'ਚ 2 ਦਿਨ ਗਰਮੀ ਦਾ ਅਸਰ ਰਹੇਗਾ ਬਰਕਰਾਰ, ਕਈ ਸ਼ਹਿਰਾਂ 'ਚ ਤਾਪਮਾਨ 43 ਡਿਗਰੀ ਤੋਂ ਪਾਰ
ਚੰਡੀਗੜ੍ਹ : ਪੰਜਾਬ 'ਚ ਅਪ੍ਰੈਲ ਦੇ ਸ਼ੁਰੂ ਤੋਂ ਹੀ ਅੱਗ ਵਰ ਰਹੀ ਹੈ। ਲੋਕਾਂ ਨੂੰ ਗਰਮੀ ਕਾਫੀ ਪਰੇਸ਼ਾਨ ਕਰ ਰਹੀ ਹੈ। ਪੰਜਾਬ ਦੇ 9 ਜ਼ਿਲ੍ਹਿਆਂ 'ਚ ਪਿਛਲੇ ਤਿੰਨ ਦਿਨਾਂ ਤੋਂ ਗਰਮ ਹਵਾਵਾਂ ਦੀ ਸਥਿਤੀ ਬਣੀ ਹੋਈ ਹੈ। ਐਤਵਾਰ ਨੂੰ ਲਗਪਗ ਸਾਰੇ ਜ਼ਿਲ੍ਹਿਆਂ 'ਚ ਤਪਸ਼ ਸ਼ੁਰੂ ਹੋ ਗਈ। ਲੋਕ ਗਰਮੀ ਕਾਰਨ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਹਨ। ਅੰਮ੍ਰਿਤਸਰ, ਮੋਗਾ, ਤਰਨਤਾਰਨ, ਜਲੰਧਰ, ਕਪੂਰਥਲਾ, ਐਸਏਐਸ ਨਗਰ 'ਚ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ 'ਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਤੋਂ ਪਹਿਲਾਂ ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੁਕਤਸਰ, ਫਾਜ਼ਿਲਕਾ, ਫਰੀਦਕੋਟ 'ਚ ਗਰਮ ਹਵਾ ਚੱਲ ਰਹੀ ਸੀ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਤੀਜੇ ਦਿਨ 40 ਡਿਗਰੀ ਤੋਂ ਉਪਰ ਰਿਹਾ। 11 ਸਾਲਾਂ 'ਚ ਇਹ ਪਹਿਲੀ ਵਾਰ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਹੀ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਪਿਛਲੇ ਦਹਾਕੇ 'ਚ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਔਸਤ ਤਾਪਮਾਨ ਸਿਰਫ 35 ਡਿਗਰੀ ਸੀ ਤੇ ਅਪ੍ਰੈਲ ਦੇ ਆਖਰੀ ਹਫਤੇ 'ਚ ਹੀ 40 ਡਿਗਰੀ ਤਕ ਪਹੁੰਚ ਗਿਆ ਸੀ ਪਰ ਇਸ ਵਾਰ 15 ਦਿਨਾਂ ਤੋਂ ਪਹਿਲਾਂ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ 11 ਅਪ੍ਰੈਲ ਨੂੰ ਜਲੰਧਰ 'ਚ 42 ਡਿਗਰੀ ਸੈਲਸੀਅਸ ਤੇ 12 ਅਪ੍ਰੈਲ ਨੂੰ 43 ਡਿਗਰੀ ਸੈਲਸੀਅਸ ਤਾਪਮਾਨ ਦਾ ਅਨੁਮਾਨ ਜਾਰੀ ਕੀਤਾ ਹੈ।ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਬਰਨਾਲਾ 'ਚ ਦਿਨ ਦਾ ਤਾਪਮਾਨ 43.1, ਮੁਕਤਸਰ 'ਚ 43.1 ਡਿਗਰੀ ਸੈਲਸੀਅਸ ਰਿਹਾ। 43.0 ਡਿਗਰੀ ਸੈਲਸੀਅਸ, ਬਠਿੰਡਾ 42.4 ਡਿਗਰੀ ਸੈਲਸੀਅਸ, ਪਟਿਆਲਾ 41.8 ਡਿਗਰੀ ਸੈਲਸੀਅਸ, ਮੋਗਾ 40.5 ਡਿਗਰੀ ਸੈਲਸੀਅਸ, ਲੁਧਿਆਣਾ 40.7, ਅੰਮ੍ਰਿਤਸਰ 40.5 ਅਤੇ ਜਲੰਧਰ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਦਿਨ ਵੇਲੇ ਤੱਤੀਆਂ ਹਵਾਵਾਂ ਚੱਲਣਗੀਆਂ। 13 ਅਪ੍ਰੈਲ ਤੋਂ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਹਿਮਾਚਲ 'ਚ ਬੱਦਲਵਾਈ ਰਹਿ ਸਕਦੀ ਹੈ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਤੇ ਵੀ ਪਵੇਗਾ। ਹਿਮਾਚਲ ਦੀ ਬਾਰਿਸ਼ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਇੱਕ-ਦੋ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ 'ਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ