ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ ਤਿੰਨ ਦਿਨ ਜਾਰੀ ਰਹੇਗਾ ਗਰਮੀ ਦਾ ਕਹਿਰ, IMD ਵੱਲੋਂ ਅਲਰਟ ਜਾਰੀ
ਨਵੀਂ ਦਿੱਲੀ : ਦਿੱਲੀ ਸਮੇਤ ਉਤਰੀ ਭਾਰਤ ਦਾ ਤਾਪਮਾਨ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇਸ ਹਫ਼ਤੇ ਤਿੰਨ ਦਿਨਾਂ ਤੱਕ ਗਰਮੀ ਦਾ ਕਹਿਰ ਵਧੇਗਾ। ਤਾਪਮਾਨ ਵੱਧਣ ਕਾਰਨ ਗਰਮੀ ਦਾ ਅਸਰ ਵਧੇਗਾ। ਹਾਲਾਂਕਿ ਮਈ ਮਹੀਨੇ 'ਚ ਅਪ੍ਰੈਲ ਵਰਗੀ ਸਥਿਤੀ ਪੈਦਾ ਨਹੀਂ ਹੋਵੇਗੀ। ਰਾਹਤ ਦੀ ਗੱਲ ਇਹ ਹੈ ਕਿ ਪੱਛਮੀ ਗੜਬੜੀ ਕਾਰਨ 13 ਮਈ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਅਜੇ ਦੋ ਜਾਂ ਤਿੰਨ ਦਿਨ ਲੋਕਾਂ ਨੂੰ ਗਰਮੀ ਕਾਫੀ ਪਰੇਸ਼ਾਨ ਕਰੇਗੀ ਤੇ ਤੱਤੀਆਂ ਹਵਾਵਾਂ ਕਾਰਨ ਘਰਾਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਵੇਗਾ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ, '9 ਮਈ ਤੱਕ, ਦਿੱਲੀ ਦਾ ਤਾਪਮਾਨ ਪਿਛਲੇ ਸੱਤ ਦਿਨਾਂ ਤੋਂ 40-42 ਡਿਗਰੀ ਸੈਲਸੀਅਸ ਦੇ ਅੰਦਰ ਰਿਹਾ ਹੈ। 11, 12 ਅਤੇ ਸੰਭਾਵਤ ਤੌਰ 'ਤੇ 13 ਤਰੀਕ ਨੂੰ ਦਿੱਲੀ ਦੇ ਕੁਝ ਸਥਾਨਾਂ 'ਤੇ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ। 11-12 ਮਈ ਨੂੰ ਤਾਪਮਾਨ 43-44 ਡਿਗਰੀ ਤੱਕ ਪਹੁੰਚ ਸਕਦਾ ਹੈ। ਜੇਨਾਮਨੀ ਨੇ ਅੱਗੇ ਕਿਹਾ ਕਿ ਇਸ ਸਮੇਂ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਨਹੀਂ ਹੈ ਇਕ ਦੋ ਦਿਨ ਤਾਪਮਾਨ ਘੱਟ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ। ਆਈਐਮਡੀ ਦੇ ਵਿਗਿਆਨੀ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਪੰਜਾਬ 13 ਮਈ ਨੂੰ ਪੱਛਮੀ ਗੜਬੜੀ ਨਾਲ ਪ੍ਰਭਾਵਿਤ ਹੋਣਗੇ, ਜਿਸ ਨਾਲ ਵੱਧ ਰਹੇ ਤਾਪਮਾਨ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ। ਜੇਨਮਨੀ ਨੇ ਕਿਹਾ ਕਿ 13 ਮਈ ਤੋਂ ਪੱਛਮੀ ਗੜਬੜੀ ਅੱਗੇ ਵਧ ਰਹੀ ਹੈ। ਇਥੇ ਅਹਿਮ ਗੱਲ ਇਹ ਹੈ ਕਿ ਇਸ ਗੜਬੜੀ ਕਾਰਨ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਵਿੱਚ ਮੀਂਹ ਨਹੀਂ ਪਵੇਗਾ ਪਰ ਤਾਪਮਾਨ ਕੰਟਰੋਲ ਵਿੱਚ ਰਹੇਗਾ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ 'ਚ ਦਿੱਲੀ 'ਚ ਗਰਮੀ ਨੇ ਰਿਕਾਰਡ ਕਾਇਮ ਕੀਤਾ ਸੀ। ਮੌਸਮ ਵਿਭਾਗ (IMD) ਅਨੁਸਾਰ ਅਪ੍ਰੈਲ ਵਿੱਚ ਦਿੱਲੀ ਵਿੱਚ 72 ਸਾਲਾਂ ਵਿੱਚ ਦੂਜਾ ਸਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਨਾਲ ਜੁੜੀਆਂ ਤਿਆਰੀਆਂ ਅਤੇ ਭਿਆਨਕ ਗਰਮੀ ਨਾਲ ਨਜਿੱਠਣ ਲਈ ਇਕ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਹ ਵੀ ਪੜ੍ਹੋ : ਕਿਸਾਨਾਂ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾਈ