ਸਰਕਾਰ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ : ਚੇਤਨ ਸਿੰਘ ਜੌੜਾਮਾਜਰਾ
ਜਲਾਲ/ਬਠਿੰਡਾ : ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਵੱਲੋਂ ਅੱਜ ਪਿੰਡ ਜਲਾਲ ਵਿਖੇ 236ਵਾਂ ਮੁਫ਼ਤ ਅਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ੍ਰੀ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਅਤੇ ਚੇਅਰਮੈਨ ਟ੍ਰੇਡਰਜ਼ ਬੋਰਡ ਅਨਿਲ ਠਾਕੁਰ, ਚੇਅਰਮੈਨ ਜੰਗਲਾਤ ਵਿਭਾਗ ਰਾਕੇਸ਼ ਪੁਰੀ, ਚੇਅਰਮੈਨ ਸੂਗਰਫੈਡ ਪੰਜਾਬ ਨਵਦੀਪ ਜੀਦਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ਉਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵਧੀਆ ਸਿਹਤ ਸੇਵਾਵਾਂ ਦੇਣ ਦੇ ਮਕਸਦ ਲਈ ਸੂਬੇ ਭਰ 'ਚ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ 'ਚ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਨੂੰ ‘ਰੰਗਲਾ ਪੰਜਾਬ’ਬਣਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਸਿਰਫ਼ 7 ਮਹੀਨਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਫ਼ਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਪੱਕੀਆਂ ਭਰਤੀਆਂ, ਹਰ ਵਰਗ ਦੇ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲੈ ਕੇ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਅਹਿਮ ਕਦਮ ਪੁੱਟੇ ਹਨ। ਵਿਵੇਕ ਚੈਰੀਟੇਬਲ ਟਰੱਸਚ ਮੁਖੀ ਸ਼੍ਰੀਮਾਨ ਮਹੰਤ ਗੰਗਾ ਰਾਮ ਜੀ ਦੇ ਉਪਰਾਲੇ ਸਦਕਾ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਹਸਪਤਾਲ ਵਿੱਚੋਂ ਆਪਣਾ ਮੁਫ਼ਤ ਵਿੱਚ ਇਲਾਜ ਕਰਵਾਕੇ ਦੁਬਾਰਾ ਆਪਣੀਆਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਕਰਕੇ ਆਪਣਾ ਜੀਵਣ ਬਸਰ ਕਰ ਰਹੇ ਹਨ। ਕੈਬਨਿਟ ਮੰਤਰੀ ਵੱਲੋਂ ਹਸਪਤਾਲ ਵਿਖੇ ਬਣੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦਿਆਂ ਹਸਪਤਾਲ ਵਿਖੇ ਆਧੁਨਿਕ ਤਕਨੀਕ ਦੀਆਂ ਅੱਖਾਂ ਦੀਆਂ ਮਸ਼ੀਨਾਂ ਬਾਰੇ ਵੀ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਜੋੜਾਮਾਜਰਾ ਵੱਲੋਂ ਮੌਕੇ ਤੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲਚਾਲ ਵੀ ਪੁੱਛਿਆ ਅਤੇ ਅੱਖਾਂ ਦੇ ਡਾਕਟਰ ਤੋਂ ਆਪਣੀਆਂ ਅੱਖਾਂ ਦਾ ਵੀ ਚੈਕਅੱਪ ਕਰਵਾਇਆ।
ਇਹ ਵੀ ਪੜ੍ਹੋ : ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ
ਇਸ ਮੌਕੇ ਕੈਬਨਿਟ ਮੰਤਰੀ ਜੌੜਾਮਾਜਰਾ ਵਿਵੇਕ ਆਸ਼ਰਮ ਜਲਾਲ ਵਿਖੇ ਵੀ ਨਤਮਸਤਕ ਹੋਏ ਅਤੇ ਇੱਥੇ ਬਣੀ ਗਊਸ਼ਾਲਾ ਨੂੰ ਵੀ ਦੇਖਿਆ। ਵਿਵੇਕ ਆਸ਼ਰਮ ਮੁਖੀ ਸ਼੍ਰੀਮਾਨ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਓਮ ਪ੍ਰਕਾਸ਼, ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ, ਬਰਿੰਦਰ ਕੁਮਾਰ ਮਧੇਕੇ ਆਪ ਸੂਬਾ ਸੰਯੁਕਤ ਸਕੱਤਰ ਯੂਥ, ਗੁਲਾਬ ਚੰਦ ਸਿੰਗਲਾ ਆਦਿ ਹਾਜ਼ਰ ਸਨ।
-PTC News