ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 21,880 ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 21,880 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,38,47,065 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,49,482 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅਪਡੇਟਡ ਅੰਕੜਿਆਂ ਮੁਤਾਬਕ ਭਾਰਤ 'ਚ ਇਨਫੈਕਸ਼ਨ ਕਾਰਨ 60 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 5,25,930 ਹੋ ਗਈ ਹੈ। ਅੰਕੜਿਆਂ ਅਨੁਸਾਰ ਲਾਗ ਦੀ ਰੋਜ਼ਾਨਾ ਦਰ 0.60 ਪ੍ਰਤੀਸ਼ਤ ਹੈ ਅਤੇ ਹਫ਼ਤਾਵਾਰੀ ਦਰ 0.72 ਪ੍ਰਤੀਸ਼ਤ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 4,31,71,653 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 2,01,30,97,819 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਪੰਜਾਬ 'ਚ ਕੋਰੋਨਾ ਦੀ ਰਫਤਾਰ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 459 ਨਵੇਂ ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,967 ਤੱਕ ਪਹੁੰਚ ਗਈ ਹੈ। ਇਸ ਸਮੇਂ ਦੌਰਾਨ, ਮੋਹਾਲੀ, ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਪੌਜ਼ਟਿਵ ਦਰ ਦਰਜ ਕੀਤੀ ਗਈ ਹੈ।
ਪੰਜਾਬ ਦੀ ਪੌਜ਼ਟਿਵ ਦਰ 3.72% ਰਹੀ। ਇਸ ਦੇ ਬਾਵਜੂਦ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਬੇਖ਼ਬਰ ਹੈ। ਚੇਤਨ ਸਿੰਘ ਜੋੜਾਮਾਜਰਾ ਨੂੰ ਨਵਾਂ ਸਿਹਤ ਮੰਤਰੀ ਬਣਾਉਣ ਦੇ ਬਾਵਜੂਦ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਨਹੀਂ ਕੀਤੀ ਜਾ ਰਹੀ ਹੈ। ਨਾ ਤਾਂ ਸਰਕਾਰ ਨੇ ਕੋਈ ਪਾਬੰਦੀ ਲਗਾਈ ਹੈ ਅਤੇ ਨਾ ਹੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 133 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇੱਥੇ ਪੌਜ਼ਟਿਵ ਦਰ 17.57% ਸੀ। ਜਲੰਧਰ 'ਚ 59, ਲੁਧਿਆਣਾ 'ਚ 54 ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ 10.39% ਦੀ ਪੌਜ਼ਟਿਵ ਦਰ ਦੇ ਨਾਲ 43 ਕੇਸ ਪਾਏ ਗਏ। ਬਠਿੰਡਾ ਵਿੱਚ 29 ਕੇਸ ਪਾਏ ਗਏ ਪਰ ਪੌਜ਼ਟਿਵ ਦਰ 7.69% ਸੀ।ਇਸ ਸਮੇਂ ਪੰਜਾਬ ਵਿੱਚ ਮੋਹਾਲੀ ਵਿੱਚ ਸਭ ਤੋਂ ਵੱਧ 521 ਐਕਟਿਵ ਕੇਸ ਹਨ। ਦੂਜੇ ਨੰਬਰ 'ਤੇ ਲੁਧਿਆਣਾ 268 ਐਕਟਿਵ ਕੇਸਾਂ ਨਾਲ, ਤੀਜੇ 'ਤੇ ਜਲੰਧਰ 254 ਐਕਟਿਵ ਕੇਸਾਂ ਨਾਲ, ਚੌਥੇ 'ਤੇ ਬਠਿੰਡਾ 190 ਅਤੇ ਪਟਿਆਲਾ 159 ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ 'ਤੇ ਹੈ। ਇਹ ਵੀ ਪੜ੍ਹੋ:Banking crisis in China: ਆਮ ਲੋਕਾਂ ਦੇ ਖਾਤੇ ਫਰੀਜ਼, ਬੈਂਕ ਦੇ ਬਾਹਰ ਲੋਕਾਂ ਨੂੰ ਰੋਕਣ ਲਈ ਟੈਂਕ ਤਾਇਨਾਤ -PTC News