ਪਹਿਲੀ ਬਰਸਾਤ ਨੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਹਸਪਤਾਲ 'ਚ ਵੜੇ ਪਾਣੀ ਕਾਰਨ ਮਰੀਜ਼ ਪਰੇਸ਼ਾਨ
ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਬਰਸਾਤ ਦੇ ਪਹਿਲੇ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਸਥਿਤ ਗਾਇਨੀ ਵਿਭਾਗ ਵਿੱਚ ਪਾਣੀ ਦੀ ਲੀਕੇਜ਼ ਕਾਰਨ ਵਾਰਡਾਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੈਰਾਨੀ ਵਾਲੀ ਗੱਲ ਤਾਂ ਉਦੋਂ ਹੋਈ ਜਦੋਂ ਐਸਐਮਓ ਡਾ. ਸੁਨੀਲ ਭਗਤ ਨੇ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਮਨ੍ਹਾਂ ਕਰਦਿਆਂ ਹੋਇਆ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਵਾਰਡਾਂ ਵਿੱਚ ਪਾਣੀ ਤਾਂ ਜਾਣਾ ਹੀ ਹੈ ਇਸ ਲਈ ਉਹ ਕੁਝ ਨਹੀਂ ਬੋਲਣਗੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਇਸ ਬਾਬਤ ਜਾਣਕਾਰੀ ਹੈ। ਇਸ ਦੌਰਾਨ ਜਦੋਂ ਹਸਪਤਾਲ ਵਿੱਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਵੇਰ ਸਮੇਂ ਹਾਲਾਤ ਅਜਿਹੇ ਸਨ ਕਿ ਹਸਪਤਾਲ ਦੇ ਵਾਰਡਾਂ ਵਿੱਚ ਪਾਣੀ ਭਰਨ ਕਾਰਨ ਚੱਲਣਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਮੌਕੇ ਲੋਕਾਂ ਦੇ ਤਿਲਕਣ ਦਾ ਖ਼ਦਸ਼ਾ ਬਣਿਆ ਹੋਇਆ ਸੀ। ਖਾਸ ਤੌਰ ਉਤੇ ਛੋਟੇ ਬੱਚਿਆਂ ਦੇ ਡਿੱਗਣ ਦਾ ਜ਼ਿਆਦਾ ਖ਼ਤਰਾ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਨਵਜੰਮੇ ਬੱਚਿਆਂ ਨੂੰ ਲੈ ਕੇ ਉਹ ਇਧਰ ਉਧਰ ਫਿਰ ਰਹੇ ਸਨ ਪਰ ਕਿਸੇ ਵੀ ਅਧਿਕਾਰੀ ਜਾਂ ਡਾਕਟਰ ਵੱਲੋਂ ਆ ਕੇ ਮੌਕਾ ਦੇਖਣ ਦੀ ਖੇਚਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਇਕ ਪਾਸੇ ਦਾਅਵੇ ਕਰਦੀਆਂ ਹਨ ਪਰੰਤੂ ਦੂਜੇ ਪਾਸੇ ਜ਼ਮੀਨੀ ਪੱਧਰ ਉਤੇ ਅਸਲ ਸੱਚਾਈ ਕੀ ਹੈ ਉਹ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਨੀਲ ਭਗਤ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਬੜਾ ਅਜੀਬੋ ਗਰੀਬ ਜਵਾਬ ਸੀ ਕਿ ਉਹ ਮੀਡੀਆ ਦੇ ਕੈਮਰੇ ਸਾਹਮਣੇ ਨਹੀਂ ਬੋਲਣਗੇ ਕਿਉਂਕਿ ਮੀਂਹ ਪੈਣ ਤੋਂ ਬਾਅਦ ਵਾਰਡਾਂ ਵਿੱਚ ਪਾਣੀ ਜਾਣਾ ਆਮ ਜਿਹੀ ਗੱਲ ਹੈ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਅਣਜਾਣ ਦੱਸਿਆ। ਇਹ ਵੀ ਪੜ੍ਹੋ : ਭੋਲੇ-ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ ਨੌਸਰਬਾਜ਼ ਗ੍ਰਿਫ਼ਤਾਰ