ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਲਦ ਹੋ ਸਕਦੀ ਹੈ ਜਾਰੀ
ਚੰਡੀਗੜ੍ਹ :ਪੰਜਾਬ ਦੀਆਂ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆਂ ਜਾ ਰਿਹਾ ਹੈ।ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਫਾਇਨਲ ਕੀਤੀ ਹੈ। ਸੀਟਾਂ ਨੂੰ ਲੈ ਕੇ 75 ਤੋਂ ਵੱਧ ਨਾਵਾਂ 'ਤੇ ਸਹਿਮਤੀ ਬਣੀ ਹੈ। ਇਸ ਸੰਬੰਧ ਵਿਚ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਵੀਰਵਾਰ ਨੂੰ ਆਪਣੀ ਪਹਿਲੀ ਬੈਠਕ ਕੀਤੀ। ਪਾਰਟੀ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਆਗੂ ਨਿਰਾਜ਼ ਹਨ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਨੂੰ ਮਨਾਉਣ ਲਈ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੇ ਕੋਰ ਗਰੁੱਪ ਵੱਲੋਂ ਸਮੀਖਿਆ ਮੀਟਿੰਗ ਬੁਲਾਈ ਜਾ ਸਕਦੀ ਹੈ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਇਸ ਵਾਰ 15-20 ਮੌਜੂਦਾ ਵਿਧਾਇਕਾਂ ਨੂੰ ਟਿਕਟ ਨਹੀਂ ਮਿਲ ਸਕਦੀ। ਇਨ੍ਹਾਂ ਵਿੱਚੋਂ ਕੁਝ ਵਿਧਾਇਕ ਚੋਣ ਨਹੀਂ ਜਿੱਤ ਸਕਦੇ, ਕਈ ਅਜਿਹੇ ਹਨ ਜਿਨ੍ਹਾਂ ਦੀ ਵਫ਼ਾਦਾਰੀ ਬਾਰੇ ਪਾਰਟੀ ਨੂੰ ਸ਼ੱਕ ਸੀ। ਕਾਂਗਰਸ ਵੀ ਆਪਣੇ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵੀ ਸ਼ਾਮਲ ਹੈ। ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ ਵੀ ਪਾਰਟੀ ਲਈ ਚੋਣ ਲੜਨ ਲਈ ਤਿਆਰ ਹਨ, ਜਦੋਂ ਕਿ ਇਕ ਹੋਰ ਸੰਸਦ ਮੈਂਬਰ ਡਾ: ਅਮਰ ਸਿੰਘ ਆਪਣੇ ਪੁੱਤਰ ਲਈ ਕਾਂਗਰਸ ਟਿਕਟ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਅਨੁਸੂਚਿਤ ਜਾਤੀ ਦੀਆਂ ਵੋਟਾਂ ਦੇ ਮੱਦੇਨਜ਼ਰ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਟਿਕਟ ਦੇ ਸਕਦੀ ਹੈ। ਚਮਕੌਰ ਸਾਹਿਬ ਸੀਟ ਤੋਂ ਇਲਾਵਾ ਜਿੱਥੋਂ ਉਹ ਤਿੰਨ ਵਾਰ ਜਿੱਤ ਚੁੱਕੇ ਹਨ, ਪਾਰਟੀ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜਨ ਬਾਰੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨਣ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਸੀਐਮ ਦਾ ਚਿਹਰਾ ਪਾਰਟੀ ਨੂੰ ਚੋਣਾਂ ਜਿੱਤਣ 'ਚ ਮਦਦ ਕਰੇਗਾ। ਉਥੇ ਹੀ ਸੀਐਮ ਦੇ ਚਿਹਰੇ ਬਾਰੇ ਸਿੱਧੂ ਨੇ ਕਿਹਾ ਸੀ ਕਿ ਇਹ ਪਾਰਟੀ ਹਾਈਕਮਾਂਡ ਨਹੀਂ ਸਗੋਂ ਪੰਜਾਬ ਦੇ ਲੋਕ ਮੁੱਖ ਮੰਤਰੀ ਦਾ ਫੈਸਲਾ ਕਰਨਗੇ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ 6083 ਨਵੇਂ ਕੇਸ -PTC News