ਆਈ.ਈ.ਡੀ ਬੰਬ ਪਲਾਂਟ ਮਾਮਲੇ 'ਚ ਪੰਜਵੀਂ ਗ੍ਰਿਫ਼ਤਾਰੀ, ਇਨ੍ਹਾਂ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਆਈ ਸਾਹਮਣੇ: ਸੂਤਰ
ਅੰਮ੍ਰਿਤਸਰ, 23 ਅਗਸਤ: ਪੰਜਾਬ ਪੁਲਿਸ ਮੁਲਾਜ਼ਮ ਦੀ ਗੱਡੀ ਹੇਠਾਂ ਆਈ.ਈ.ਡੀ ਬੰਬ ਲਗਾਉਣ ਦੇ ਮਾਮਲੇ ਵਿੱਚ ਬੀਤੀ ਸ਼ਾਮ ਖੁਸ਼ਹਾਲਦੀਪ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰੀ ਕੀਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਭਿੱਖੀਵਿੰਡ ਵਾਸੀ ਖੁਸ਼ਹਾਲਦੀਪ ਨੂੰ ਇਸ ਸਾਰੀ ਘਟਨਾ ਦਾਮੁੱਖ ਸਰਗਨਾ ਮੰਨਿਆ ਜਾ ਰਿਹਾ, ਜਿਸਨੂੰ ਬੀਤੇ ਕੱਲ੍ਹ ਮਕਬੂਲਪੁਰਾ ਚੌਂਕ ਤੋਂ ਗ੍ਰਿਫਤਾਰ ਕਰ ਲਿਆ ਗਿਆ। ਖੁਸ਼ਹਾਲਦੀਪ ਦੀ ਗ੍ਰਿਫ਼ਤਾਰੀ ਮਗਰੋਂ ਅੱਜ ਇਸ ਮਾਮਲੇ 'ਚ ਪੰਜਵੀ ਗ੍ਰਿਫ਼ਤਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਹੁਣ ਗੋਪੀ ਨਾਮਕ ਵਿਅਕਤੀ ਨੂੰ ਨਾਮਜ਼ਦ ਕੀਤਾ ਜੋ ਪਹਿਲਾਂ ਤੋਂ ਹੀ ਜੇਲ੍ਹ 'ਚ ਕੈਦ ਹੈ। ਪੁਲਿਸ ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਖੁਸ਼ਹਾਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਗੋਪੀ ਨੇ ਵਿਦੇਸ਼ਾਂ 'ਚ ਰਹਿੰਦੇ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਸਿੰਘ ਲੰਢਾ ਦੇ ਕਹਿਣ 'ਤੇ ਜੇਲ 'ਚੋਂ ਫੋਨ ਕਰਕੇ ਬੰਬ ਲਾਉਣ ਲਈ ਆਖਿਆ ਸੀ। ਜਿਸਤੋਂ ਬਾਅਦ ਹੁਣ ਅੰਮ੍ਰਿਤਸਰ ਪੁਲਿਸ ਗੋਪੀ ਨੂੰ ਤਰਨਤਾਰਨ ਤੋਂ ਰਿਮਾਂਡ 'ਤੇ ਅੰਮ੍ਰਿਤਸਰ ਲਿਆ ਰਹੀ ਹੈ। 35 ਸਾਲਾ ਹਰਵਿੰਦਰ ਸਿੰਘ ਉਰਫ਼ ਰਿੰਦਾ 'ਤੇ ਪਿਛਲੇ ਸਾਲ 8 ਨਵੰਬਰ ਨੂੰ ਨਵਾਂਸ਼ਹਿਰ ਕ੍ਰਾਈਮ ਇਨਵੈਸਟੀਗੇਟਿੰਗ ਏਜੰਸੀ ਦੀ ਇਮਾਰਤ 'ਤੇ ਅੱਤਵਾਦੀ ਹਮਲਾ ਕਰਨ ਦਾ ਸ਼ੱਕ ਹੈ। ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੀ ਆਈ.ਐਸ.ਆਈ ਦੀ ਸੁਰੱਖਿਆ ਹੇਠ ਹੈ। ਰਿੰਦਾ ਜੋ ਕਿ ਚੰਡੀਗੜ੍ਹ ਪੁਲਿਸ ਨੂੰ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਘੱਟੋ-ਘੱਟ ਚਾਰ ਮਾਮਲਿਆਂ ਵਿੱਚ ਲੋੜੀਂਦਾ, ਨੇ ਸੈਕਟਰ 11 ਥਾਣੇ ਦੇ ਥਾਣੇਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਦੋਂ ਉਹ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਥੇ ਹੀ ਲਖਬੀਰ ਸਿੰਘ ਉਰਫ਼ ਲੰਡਾ ਪਿਛਲੇ 11 ਸਾਲਾਂ ਤੋਂ ਪੰਜਾਬ ਪੁਲਿਸ ਲਈ ਸਿਰ ਦਾ ਦਰਦ ਬਣਿਆ ਹੋਇਆ ਹੈ। ਲਖਬੀਰ ਲੰਡਾ ਨੂੰ ਇਸ ਸਾਲ 9 ਮਈ ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਦਾ ਮੁਖ ਸਰਗਨਾ ਵੀ ਦੱਸਿਆ ਗਿਆ ਹੈ। ਲੰਡਾ ਖ਼ਿਲਾਫ਼ ਪਹਿਲਾ ਕੇਸ ਜੁਲਾਈ 2011 ਵਿੱਚ ਹਰੀਕੇ ਪੱਤਣ ਵਿਖੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਸੀ। ਉਹ ਅੰਮ੍ਰਿਤਸਰ, ਤਰਨਤਾਰਨ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਸਮੇਤ 18 ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਹੈ। ਪੰਜਾਬ ਪੁਲਿਸ ਨੇ ਲੰਡਾ ਦੇ ਕੈਨੇਡਾ ਭੱਜਣ ਤੋਂ ਪਹਿਲਾਂ ਮਈ 2016 'ਚ ਉਸ ਖਿਲ਼ਾਫ ਮੋਗਾ 'ਚ ਅਗਵਾ ਕਰਨ ਦੇ ਦੋਸ਼ਾਂ ਤਹਿਤ ਆਖਰੀ ਕੇਸ ਦਰਜ ਕੀਤਾ ਸੀ। ਖੁਸ਼ਹਾਲਦੀਪ 25 ਅਗਸਤ ਤੱਕ ਪੁਲਿਸ ਰਿਮਾਂਡ 'ਚ ਹੈ। ਇਸਤੋਂ ਪਹਿਲਾਂ ਪਿਛਲੇ ਹਫਤੇ ਦੇ ਸ਼ੁਰੂ ਵਿਚ ਇਸ ਮਾਮਲੇ 'ਚ ਪੰਜਾਬ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਅਤੇ ਸਾਥੀ ਫਤਿਹਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬੀਤੀ 20 ਅਗਸਤ ਨੂੰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ) ਨੇ ਇਸ ਮਾਮਲੇ ਵਿੱਚ ਸ਼ਾਮਲ ਕਥਿਤ ਮੁਲਜ਼ਮ ਰਾਜੇਂਦਰ ਕੁਮਾਰ ਉਰਫ਼ ਬਾਊ ਰਾਮਕੁਮਾਰ ਵੇਦੀ ਅਤੇ ਉਸ ਦੇ ਸਾਥੀ ਕੁਸ਼ਲ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਆਈਈਡੀ ਬੰਬ ਪਲਾਂਟ ਦੀ ਘਟਨਾ ਬੀਤੀ 16 ਅਗਸਤ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਵਾਪਰੀ, ਜਦੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਹੇਠੋਂ ਬੰਬ ਮਿਲਣ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਸੀ। -PTC News