'ਆਪ' ਵਿਧਾਇਕ ਦੇ ਸਪੱਸ਼ਟੀਕਰਨ ਮਗਰੋਂ ਮੁਲਾਜ਼ਮ ਜਥੇਬੰਦੀਆਂ ਨਾਲ ਵਿਵਾਦ ਸੁਲਝਿਆ
ਜਲੰਧਰ : ਕਰਮਚਾਰੀ ਜੱਥੇਬੰਦੀਆਂ ਤੇ ਵਿਧਾਇਕ ਸ਼ੀਤਲ ਅੰਗੁਰਾਲ ਦਰਮਿਆਨ ਚੱਲ ਰਿਹਾ ਵਿਵਾਦ ਐਤਵਾਰ ਦੁਪਹਿਰ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਡੀਏਸੀ ਜਲੰਧਰ ਵਿਖੇ ਹੋਈ ਮੀਟਿੰਗ ਦੌਰਾਨ ਹੱਲ ਹੋ ਗਿਆ। ਕਰਮਚਾਰੀ ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਹੜਤਾਲ ਦਾ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਸਪੱਸ਼ਟੀਕਰਨ ਦਿੱਤਾ ਅਤੇ ਇਸ ਸਬੰਧੀ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਰਾਦੇ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਹ ਤਾਂ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਫਿਰ ਏਜੰਟਾਂ ਦੀ ਚੈਕਿੰਗ ਕਰਨ ਲਈ ਗਏ ਸਨ। ਵਿਧਾਇਕ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਮਗਰੋਂ ਮੁਲਾਜ਼ਮ ਜਥੇਬੰਦੀਆਂ ਰੋਹ ਠੰਢਾ ਹੋ ਗਿਆ। ਮੀਟਿੰਗ ਵਿੱਚ ਡੀ.ਸੀ.ਦਫ਼ਤਰ ਦੇ ਮੁਲਾਜ਼ਮ ਜਥੇਬੰਦੀਆਂ ਤੋਂ ਵੀ ਹਾਜ਼ਰ ਸਨ। ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਸੂਬਾ ਖਜ਼ਾਨਚੀ ਸਤਬੀਰ ਸਿੰਘ ਚੰਦੀ, ਸਹਾਇਕ ਖਜ਼ਾਨਚੀ ਹਰਜਿੰਦਰ ਸਿੰਘ, ਸੂਬਾ ਬਾਡੀ ਦੇ ਮੈਂਬਰ ਬਲਬੀਰ ਸਿੰਘ ਆਦਿ ਹਾਜ਼ਰ ਸਨ। ਜੁਆਇੰਟ ਐਕਸ਼ਨ ਕਮੇਟੀ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ, ਤੇਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਦਿਨੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਜਲੰਧਰ ਵੈਸਟ ਦੇ ਐਮ.ਐਲ.ਏ. ਅਤੇ ਡੀ.ਸੀ. ਦਫ਼ਤਰ ਜਲੰਧਰ ਦੇ ਕਰਮਚਾਰੀਆਂ ਦਾ ਵਾਦ-ਵਿਵਾਦ ਹੋਇਆ ਸੀ, ਉਸ ਸੰਬੰਧੀ ਵਿਧਾਇਕ ਵੱਲੋਂ ਮਾਫ਼ੀ ਮੰਗਣ ਕਰਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਵੱਲੋਂ ਪੁਤਲਾ ਫੂਕਣ ਦਾ ਦਿੱਤਾ ਗਿਆ ਐਕਸ਼ਨ ਵਾਪਸ ਲਿਆ ਜਾਂਦਾ ਹੈ। ਵਿਧਾਇਕ ਸ਼ੀਤਲ ਅੰਗੁਰਾਲ ਨੂੰ ਬੇਨਤੀ ਹੈ ਕਿ ਭਾਰਤੀ ਸੰਵਿਧਾਨ ਦੁਆਰਾ ਮਿਲੇ ਗਏ ਹੱਕਾਂ ਦੀ ਵਰਤੋਂ ਕਰਨ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰੀ ਦਫਤਰਾਂ ਵਿੱਚ ਅਜਿਹੀ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ ਪੰਜਾਬ ਨੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਕਾਲੇ ਬਿੱਲੇ ਲਗਾ ਕੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਵਿਧਾਇਕ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਦਫ਼ਤਰ ਦਾ ਦੌਰਾ ਕਰਕੇ ਏਡੀਸੀ ਸਣੇ ਹੋਰ ਕਈ ਅਧਿਕਾਰੀਆਂ ਉਤੇ ਭ੍ਰਿਸ਼ਟਚਾਰ ਦੇ ਦੋਸ਼ ਲਗਾਏ ਸਨ। ਇਸ ਗੱਲ ਦਾ ਪ੍ਰਗਟਾਵਾ ਵਿਧਾਇਕ ਨੇ ਸੋਸ਼ਲ ਮੀਡੀਆ ਉਤੇ ਕੀਤਾ ਸੀ, ਜਿਸ ਦੇ ਰੋਹ ’ਚ ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਰੋਸ ਜ਼ਾਹਿਰ ਕਰਨ ਦਾ ਐਲਾਨ ਕੀਤਾ ਸੀ। ਇਹ ਵੀ ਪੜ੍ਹੋ : ਜ਼ਹਿਰੀਲੇ ਪਾਣੀ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਨੇ ਨੰਗੇ ਧੜ ਹੋ ਕੇ ਕੀਤਾ ਰੋਸ ਪ੍ਰਦਰਸ਼ਨ