ਸਕੂਲ ਦੀ ਲਿਫਟ 'ਚ ਫਸਣ ਕਾਰਨ ਅਧਿਆਪਕਾ ਦੀ ਮੌਤ, ਪੁਲਿਸ ਜਾਂਚ 'ਚ ਲੱਗੀ
ਮੁੰਬਈ: ਮੁੰਬਈ ਦੇ ਮਲਾਡ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 26 ਸਾਲਾ ਅਧਿਆਪਕਾ ਦੀ ਸਕੂਲ ਦੀ ਲਿਫਟ ਵਿਚ ਫਸਣ ਕਾਰਨ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਜ਼ਖਮੀ ਅਧਿਆਪਕਾ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਅਧਿਆਪਕਾ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਅਧਿਆਪਕਾ ਦੀ ਪਛਾਣ ਜੈਨੇਲ ਫਰਨਾਂਡਿਜ਼ ਵਜੋਂ ਕੀਤੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਨਾਲ ਹੀ ਪੁਲਿਸ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ 'ਚ ਲੱਗੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਲਾਡ ਪੱਛਮੀ 'ਚ ਚਿਨਚੋਲੀ ਗੇਟ ਨੇੜੇ ਸਥਿਤ ਇੰਗਲਿਸ਼ ਸਕੂਲ 'ਚ ਵਾਪਰੀ। ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਦੁਪਹਿਰੇ ਕਰੀਬ 1 ਵਜੇ ਜੈਨੇਲ ਫਰਨਾਂਡਿਜ਼ ਸਕੂਲ ਦੀ ਇਮਾਰਤ ਦੀ ਛੇਵੀਂ ਮੰਜ਼ਿਲ 'ਤੇ ਕਲਾਸ ਖ਼ਤਮ ਹੋ ਗਈ ਸੀ। ਉਹ ਦੂਜੀ ਮੰਜ਼ਿਲ 'ਤੇ ਸਟਾਫ ਰੂਮ 'ਚ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੇ ਲਿਫ਼ਟ ਦਾ ਬਟਨ ਦਬਾਇਆ। ਜਦੋਂ ਲਿਫਟ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਉਹ ਅੰਦਰ ਚਲੀ ਗਈ ਪਰ ਲਿਫਟ ਦੇ ਕੈਬਿਨ ਦਾ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਹੀ ਲਿਫਟ ਉੱਪਰ ਵੱਲ ਵਧਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਲਿਫਟ ਤੋਂ ਬਾਹਰ ਨਿਕਲਦੀ, ਉਹ ਉਸ ਵਿਚ ਫਸ ਗਈ ਤੇ ਲਿਫਟ ਉਸਨੂੰ ਉੱਪਰ ਵੱਲ ਖਿੱਚਦੀ ਲੈ ਗਈ। ਇਸ ਘਟਨਾ 'ਚ ਉਹ ਗੰਭੀਰ ਜ਼ਖ਼ਮੀ ਹੋ ਗਈ। ਇਹ ਦੇਖ ਕੇ ਸਕੂਲ ਸਟਾਫ਼ ਉਸ ਦੀ ਮਦਦ ਲਈ ਪੁੱਜ ਗਿਆ। ਉਸ ਨੇ ਕਿਸੇ ਤਰ੍ਹਾਂ ਜੈਨੇਲ ਨੂੰ ਲਿਫਟ ਦੇ ਕੈਬਿਨ ਵਿਚੋਂ ਬਾਹਰ ਕੱਢਿਆ ਅਤੇ ਮਲਾਡ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਨੇੜਲੇ ਲਾਈਫਲਾਈਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਲਾਡ ਪੁਲਿਸ ਨੇ ਹਾਦਸੇ ਦੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News ਇਹ ਵੀ ਪੜ੍ਹੋ : ਢੇਹਾ ਬਸਤੀ 'ਚ ਪੁਲਿਸ ਦੀ ਛਾਪੇਮਾਰੀ ; ਨਸ਼ਾ ਕਰਦੇ ਨੌਜਵਾਨ, ਟੀਕੇ ਤੇ ਹੋਰ ਸਮੱਗਰੀ ਮਿਲੀ