ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਚੰਡੀਗੜ੍ਹ : ਜ਼ਿਲ੍ਹਾ ਐਸਬੀਐਸ ਨਗਰ ਦੀ ਅਦਾਲਤ ਨੇ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੀ ਅਪੀਲ ਉਤੇ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਨਗਰ ਵਿਖੇ ਖ਼ਰੀਦ ਏਜੰਸੀਆਂ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਜ਼ਰੀਏ ਠੇਕੇਦਾਰਾਂ ਨੂੰ ਅਨਾਜ ਮੰਡੀਆਂ ਲਈ ਲੇਬਰ ਕਾਰਟੇਜ ਤੇ ਟਰਾਂਸਪੋਰਟ ਟੈਂਡਰਾਂ ਦੀ ਅਲਾਟਮੈਂਟ 'ਚ ਹੋਈ ਧੋਖਾਧੜੀ ਦੇ ਦੋਸ਼ਾਂ ਦੀ ਅਗਲੀ ਜਾਂਚ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 14 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਸਬੀਐਸ ਨਗਰ ਦੀਆਂ ਅਨਾਜ ਮੰਡੀਆਂ 'ਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ 'ਚ ਹੋਏ ਵੱਡੇ ਘਪਲੇ ਦੀ ਜਾਂਚ ਕਰਨ ਉਪਰੰਤ ਦੋਸ਼ੀ ਠੇਕੇਦਾਰ ਤੇਲੂ ਰਾਮ, ਯਸ਼ਪਾਲ ਤੇ ਅਜੈਪਾਲ (ਦੋਵੇਂ ਭਰਾ) ਵਾਸੀ ਪਿੰਡ ਉਧਨਵਾਲ, ਤਹਿਸੀਲ ਬਲਾਚੌਰ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਤੇਲੂ ਰਾਮ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਨੇ ਆਪਣੇ ਪਿੰਡ ਦੇ ਰਹਿਣ ਵਾਲੇ ਯਸ਼ਪਾਲ ਅਤੇ ਅਜੈਪਾਲ ਦੀ ਡੀਐਫਐਸਸੀ ਰਾਕੇਸ਼ ਭਾਸਕਰ ਨਾਲ ਮੁਲਾਕਾਤ ਕਰਵਾਉਣ ਵਿਚ ਮਦਦ ਕੀਤੀ, ਜਿਨ੍ਹਾਂ ਨੇ ਬਾਅਦ 'ਚ ਸਾਬਕਾ ਮੰਤਰੀ ਆਸ਼ੂ ਰਾਹੀਂ ਟੈਂਡਰ ਵੀ ਪ੍ਰਾਪਤ ਕੀਤੇ ਸਨ। ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਸਿਪਾਹੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਤੇਲੂ ਰਾਮ ਨੇ ਆਪਣੀ ਡਾਇਰੀ 'ਚ ਬਹੁਤ ਸਾਰੀਆਂ ਐਂਟਰੀਆਂ ਤੇ ਲੇਖਾ-ਜੋਖਾ ਕੀਤਾ ਹੋਇਆ ਸੀ, ਜੋ ਪਹਿਲਾਂ ਹੀ ਵਿਜੀਲੈਂਸ ਦੁਆਰਾ ਜ਼ਬਤ ਕਰ ਲਈ ਗਈ ਹੈ ਜਿਸ ਦੇ ਆਧਾਰ ਉਤੇ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮਾਂ ਤੇ ਹੋਰਨਾਂ ਨੂੰ ਇਸ ਮਾਮਲੇ 'ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉਪਰੋਕਤ ਸਾਰੇ ਦੋਸ਼ੀਆਂ ਦੇ ਆਪਸੀ ਸਬੰਧ ਸਾਹਮਣੇ ਆਏ ਹਨ, ਜਿਸ ਤਹਿਤ ਦੋਸ਼ੀ ਸਾਬਕਾ ਮੰਤਰੀ ਨੂੰ ਮੁਕੱਦਮੇ 'ਚ ਸ਼ਾਮਲ ਕਰਕੇ ਅਦਾਲਤ ਤੋਂ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਲਿਆ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਉਕਤ ਮੰਤਰੀ ਤੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। -PTC News