ਅਦਾਲਤ ਨੇ ਕਾਂਗਰਸੀ ਕੌਂਸਲਰ ਸੰਨੀ ਭੱਲਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਲੁਧਿਆਣਾ : ਬੀਤੇ ਦਿਨੀ ਵਿਜੀਲੈਂਸ ਬਿਊਰੋ ਨੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਕਰੀਬੀ ਕਾਂਗਰਸੀ ਕੌਂਸਲਰ ਗਗਨਦੀਪ ਸੰਨੀ ਭੱਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਲੁਧਿਆਣਾ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵਿਚ ਦੋਵੇਂ ਧਿਰਾਂ ਵਿਚ ਕਾਫ਼ੀ ਬਹਿਸ ਹੋਣ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਨੇ ਕੌਂਸਲਰ ਸੰਨੀ ਭੱਲਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਵਿਜੀਲੈਂਸ ਵਲੋਂ ਅਦਾਲਤ ਵਿੱਚ ਦੱਸਿਆ ਗਿਆ ਹੈ ਕਿ ਅਨਾਜ ਦੀ ਢੋਆ-ਢੁਆਈ ਦੇ ਮਾਮਲੇ ਵਿੱਚ ਕਈ ਬੇਨਾਮੀ ਜਾਇਦਾਦਾਂ ਬਣਾਈਆਂ ਗਈਆਂ ਹਨ ਅਤੇ ਸੰਨੀ ਭੱਲਾ ਨੇ ਪੈਸਿਆਂ ਨਾਲ ਕੁਝ ਜਾਇਦਾਦਾਂ ਵੀ ਬਣਾਈਆਂ ਹਨ, ਜਿਸ ਸਬੰਧੀ ਉਸ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਇਸ ਲਈ ਉਸ ਦਾ ਪੁਲਿਸ ਰਿਮਾਂਡ ਦੀ ਲੋੜ ਹੈ। ਵਿਜੀਲੈਂਸ ਵਿਭਾਗ ਨੇ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ। ਡਿਊਟੀ ਮੈਜਿਸਟ੍ਰੇਟ ਰਾਜਬੀਰ ਕੌਰ ਨੇ ਸੰਨੀ ਭੱਲਾ ਦਾ ਦੋ ਦਿਨ ਦਾ ਵਿਜੀਲੈਂਸ ਰਿਮਾਂਡ ਦਿੱਤਾ ਹੈ। ਵਿਜੀਲੈਂਸ ਨੇ ਸੰਨੀ ਭੱਲਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤੇ ਬਾਅਦ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਸੰਨੀ ਭੱਲਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਵੱਲੋਂ ਲੁਧਿਆਣਾ ਦੀਆਂ ਅਨਾਜ ਮੰਡੀਆਂ 'ਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰ 'ਚ ਘਪਲੇ ਦੀ ਸ਼ਿਕਾਇਤ ਵਿਜੀਲੈਂਸ ਰੇਂਜ ਦਫ਼ਤਰ 'ਚ ਕੀਤੀ ਗਈ ਸੀ। ਇਹ ਵੀ ਪੜ੍ਹੋ : ਜੈ ਇੰਦਰ ਕੌਰ ਵੱਲੋਂ ਸਰਹਿੰਦ ਤੇ ਖੰਨਾ ਦੀਆਂ ਮੰਡੀਆਂ ਦਾ ਦੌਰਾ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ ਜਾਂਚ ਮਗਰੋਂ ਵਿਜੀਲੈਂਸ ਨੇ 16 ਅਗਸਤ ਨੂੰ ਅਨਾਜ ਦੀ ਢੋਆ-ਢੁਆਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂਰਾਮ, ਉਸ ਦੇ ਦੋ ਸਾਥੀਆਂ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਨਾਂ ਲਿਆ ਸੀ। ਦੋਸ਼ ਹੈ ਕਿ ਨੀਤੀ 'ਚ ਫੇਰਬਦਲ ਕਰਕੇ ਠੇਕਾ ਤੇਲੂ ਰਾਮ ਨੂੰ ਦਿੱਤਾ ਸੀ। ਇਸ ਘਪਲੇ ਦਾ ਪੈਸਾ ਬੇਨਾਮੀ ਜਾਇਦਾਦ 'ਚ ਲਗਾਇਆ ਗਿਆ ਹੈ। ਇਸ ਮਗਰੋਂ ਵਿਜੀਲੈਂਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਲੈ ਕੇ ਗ੍ਰਿਫ਼ਤਾਰ ਕਰ ਲਿਆ ਸੀ। -PTC News