ਅਦਾਲਤ ਨੇ ਸਤੇਂਦਰ ਜੈਨ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ
ਨਵੀਂ ਦਿੱਲੀ : ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਸਤੇਂਦਰ ਜੈਨ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਈਡੀ ਨੇ ਉਸ ਨੂੰ ਇਸੇ ਮਾਮਲੇ ਵਿੱਚ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ, 2002 ਦੇ ਤਹਿਤ ਜੈਨ ਦੇ ਪਰਿਵਾਰ ਤੇ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਸੀ। ਇਸ ਵਿੱਚ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਿਡ ਤੇ ਹੋਰ ਕੰਪਨੀਆਂ ਦੀ ਜਾਇਦਾਦ ਸ਼ਾਮਲ ਹੈ। ਜੈਨ ਉਤੇ ਦੋਸ਼ ਹੈ ਕਿ ਉਸ ਨੇ ਦਿੱਲੀ 'ਚ ਕਈ ਸ਼ੈਲ ਕੰਪਨੀਆਂ ਲਾਂਚ ਕੀਤੀਆਂ ਜਾਂ ਖ਼ਰੀਦੀਆਂ। ਉਸ ਨੇ ਕੋਲਕਾਤਾ ਵਿੱਚ ਤਿੰਨ ਹਵਾਲਾ ਆਪ੍ਰੇਟਰਾਂ ਦੀਆਂ 54 ਸ਼ੈਲ ਕੰਪਨੀਆਂ ਰਾਹੀਂ 16.39 ਕਰੋੜ ਰੁਪਏ ਦੇ ਕਾਲੇ ਧਨ ਨੂੰ ਵੀ ਸਫੇਦ ਕੀਤਾ ਹੈ। ਜੈਨ ਦੇ ਕੋਲ ਪ੍ਰਯਾਸ, ਇੰਡੋ ਤੇ ਅਕਿੰਚਨ ਨਾਮ ਦੀਆਂ ਕੰਪਨੀਆਂ ਵਿੱਚ ਵੱਡੀ ਗਿਣਤੀ ਵਿੱਚ ਸ਼ੇਅਰ ਸਨ। ਰਿਪੋਰਟਾਂ ਮੁਤਾਬਕ 2015 'ਚ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਜੈਨ ਦੇ ਸਾਰੇ ਸ਼ੇਅਰ ਉਨ੍ਹਾਂ ਦੀ ਪਤਨੀ ਨੂੰ ਟਰਾਂਸਫਰ ਕਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿੱਚ ਸਤੇਂਦਰ ਜੈਨ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰ 'ਤੇ ਛਾਪੇਮਾਰੀ ਕੀਤੀ ਸੀ ਤਾਂ ਜੋ ਉਨ੍ਹਾਂ ਦੇ ਅਹਾਤੇ ਤੋਂ ਨਕਦੀ, ਸੋਨੇ ਦੇ ਸਿੱਕੇ ਅਤੇ ਬਿਸਕੁਟ ਦੇ ਬੰਡਲ ਬਰਾਮਦ ਕੀਤੇ ਜਾ ਸਕਣ। ਰਿਪੋਰਟਾਂ ਅਨੁਸਾਰ, ਈਡੀ ਨੇ ਰਾਮ ਪ੍ਰਕਾਸ਼ ਜਵੈਲਰਜ਼ ਤੋਂ 2.23 ਕਰੋੜ ਰੁਪਏ, ਵੈਭਵ ਜੈਨ ਤੋਂ 41.5 ਲੱਖ ਰੁਪਏ ਅਤੇ ਜੀਐਸ ਮਠਾਰੂ ਤੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਾਰਡ ਕੈਸ਼ ਦੇ ਨਾਲ-ਨਾਲ ਵੈਭਵ ਜੈਨ ਕੋਲੋਂ 1.8 ਕਿਲੋ ਵਜ਼ਨ ਦੇ 133 ਸੋਨੇ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ। ਅਗਸਤ 2017 ਵਿੱਚ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਤੇਂਦਰ ਜੈਨ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਈਡੀ ਨੇ ਇਸ ਐਫਆਈਆਰ ਦੇ ਆਧਾਰ 'ਤੇ 'ਆਪ' ਨੇਤਾ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਸੀ ਜੋ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੁਆਰਾ ਦਰਜ ਕਰਵਾਈ ਗਈ ਸੀ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਜੈਨ ਚਾਰ ਕੰਪਨੀਆਂ ਦੁਆਰਾ ਪ੍ਰਾਪਤ ਫੰਡਾਂ ਦੇ ਸਰੋਤ ਦੀ ਵਿਆਖਿਆ ਨਹੀਂ ਕਰ ਸਕਿਆ। ਇਹ ਵੀ ਪੜ੍ਹੋ : ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ, 1770 ਮੈਗਾਵਾਟ ਦਾ ਘਾਟਾ