Wed, Nov 13, 2024
Whatsapp

CM ਨੇ ਟਾਟਾ ਸਟੀਲ ਗਰੁੱਪ ਨੂੰ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

Reported by:  PTC News Desk  Edited by:  Pardeep Singh -- August 26th 2022 02:38 PM -- Updated: August 26th 2022 02:40 PM
CM ਨੇ ਟਾਟਾ ਸਟੀਲ ਗਰੁੱਪ ਨੂੰ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

CM ਨੇ ਟਾਟਾ ਸਟੀਲ ਗਰੁੱਪ ਨੂੰ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

ਚੰਡੀਗੜ੍ਹ: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮਨਰੋਥ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਟਾ ਗਰੁੱਪ ਨੂੰ ਪਹਿਲੇ ਪੜਾਅ ਵਿੱਚ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਿਤ ਸਟੀਲ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਅਲਾਟਮੈਂਟ ਦਾ ਪੱਤਰ ਸੌਂਪਿਆ।

ਮੁੱਖ ਮੰਤਰੀ ਨੇ ਟਾਟਾ ਸਟੀਲ ਲਿਮਟਡ ਦੇ ਆਲਮੀ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਟੀ.ਵੀ. ਨਰੇਂਦਰਨ ਦੀ ਅਗਵਾਈ ਵਿੱਚ ਵਫ਼ਦ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਅਸੀਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਦ੍ਰਿੜ ਵਚਨਬੱਧ ਹਾਂ ਅਤੇ ਟਾਟਾ ਗਰੁੱਪ ਦਾ ਨਿਵੇਸ਼ ਇਸ ਦਿਸ਼ਾ ਵਿੱਚ ਅਗਲੇਰਾ ਕਦਮ ਹੈ।  ਸੂਬੇ ਵਿੱਚ ਟਾਟਾ ਗਰੁੱਪ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਇਤਿਹਾਸ ਵਿੱਚ ਅੱਜ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਦਿਨ ਹੈ ਕਿਉਂਕਿ ਵਿਸ਼ਵ ਪੱਧਰ ਦੀ ਇਸ ਮੋਹਰੀ ਕੰਪਨੀ ਦਾ ਸੂਬੇ ਵਿੱਚ ਪਹਿਲਾ ਨਿਵੇਸ਼ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵੱਡੇ ਉਦਯੋਗਿਕ ਸਮੂਹ ਵੱਲੋਂ ਇਹ ਨਿਵੇਸ਼ ਕਰਨ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਸੂਬੇ ਵਿੱਚ ਪਲਾਂਟ ਦੀ ਸਥਾਪਨਾ ਅਤੇ ਕਾਰਜਸ਼ੀਲ ਕਰਨ ਵਿਚ ਟਾਟਾ ਗਰੁੱਪ ਨੂੰ ਸੂਬਾ ਸਰਕਾਰ ਪੂਰਾ ਸਹਿਯੋਗ ਦੇਵੇਗੀ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਦਾ ਬਹੁਤ ਲਾਭ ਹੋਵੇਗਾ ਕਿਉਂਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਲਗਭਗ 2600 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਜਿਸ ਨਾਲ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਹਾਈ-ਟੈਕ ਵੈਲੀ ਇੰਡਸਟਰੀਅਲ ਪਾਰਕ ਦੇ ਨਾਲ ਸਟੀਲ ਪਲਾਂਟ ਸਥਾਪਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਟਾਟਾ ਗਰੁੱਪ ਵੱਲੋਂ ਪੰਜਾਬ ਵਿੱਚ ਇਹ ਪਹਿਲਾ ਨਿਵੇਸ਼ ਹੈ ਅਤੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ‘ਇਨਵੈਸਟ ਪੰਜਾਬ’ ਦੀ ਟੀਮ ਦੀ ਵੀ ਪਿੱਠ ਥਾਪੜੀ ਜਿਸ ਨੇ ਟਾਟਾ ਗਰੁੱਪ ਦੇ ਭਾਰਤ ਦੇ ਪਹਿਲੇ ਸਕਰੈਪ ਅਧਾਰਿਤ ਸਟੀਲ ਪਲਾਂਟ ਦੀ ਸਥਾਪਨਾ ਲਈ ਟਾਟਾ ਸਟੀਲ ਦੇ ਪ੍ਰਬੰਧਕਾਂ ਦੇ ਯਤਨਾਂ ਨੂੰ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿਜਲੀ ਉਤੇ ਚੱਲਣ ਵਾਲੀਆਂ ਆਰਕ ਭੱਠੀਆਂ ਉਤੇ ਅਧਾਰਤ ਪਲਾਂਟ 0.75 ਐਮ.ਟੀ.ਪੀ.ਏ. ਫਿਨਿਸ਼ਡ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਫੀਸਦੀ ਸਕਰੈਪ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਹ ਪਲਾਂਟ ਪੀ.ਐਸ.ਆਈ.ਈ.ਸੀ. ਵੱਲੋਂ ਵਿਕਸਤ ਕੀਤੇ ਗਏ ਅਤਿ-ਆਧੁਨਿਕ ਉਦਯੋਗਿਕ ਪਾਰਕ ਦੇ ਨਾਲ ਲੱਗਦੀ 115 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ। ਟਾਟਾ ਸਟੀਲ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੇ ਆਪਣੇ ਇਛੁੱਕ ਗ੍ਰੀਨਫੀਲਡ ਪ੍ਰੋਜੈਕਟ ਦਾ ਸਹੀ ਟਿਕਾਣਾ ਲੱਭ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬਾਜ਼ਾਰ ਅਤੇ ਸਕਰੈਪ ਪੈਦਾ ਕਰਨ ਵਾਲੇ ਆਟੋ ਹੱਬ ਨੇੜੇ ਹੋਣ ਕਾਰਨ ਪੰਜਾਬ ਇਲੈਕਟ੍ਰਿਕ ਆਰਕ ਫਰਨੇਸ ਲਈ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਰੀਸਾਈਕਲ ਰਾਹੀਂ ਪੈਦਾ ਹੋਣ ਵਾਲੇ ਸਟੀਲ ਵਿੱਚ ਘੱਟ ਕਾਰਬਨ ਨਿਕਾਸੀ, ਘੱਟ ਸਰੋਤਾਂ ਦੀ ਖਪਤ ਅਤੇ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਜੋ ਗਰੁੱਪ ਦੀ ਆਪਣੇ ਕਾਰਜਾਂ ਵਿਚ ਵਾਤਾਵਰਣ ਦੇ ਪ੍ਰਭਾਵ ਨੂੰ ਘਟਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ੍ਰੀ ਨਰੇਂਦਰਨ ਨੇ ਕਿਹਾ ਕਿ ਟਾਟਾ ਗਰੁੱਪ ਸੂਬੇ ਵਿੱਚ ਵਿਕਾਸ ਦੀਆਂ ਬਿਹਤਰ ਸੰਭਾਵਨਾਵਾਂ ਦੇਖਦਾ ਹੈ। ਜ਼ਿਕਰਯੋਗ ਹੈ ਕਿ ਟਾਟਾ ਸਟੀਲ ਗਰੁੱਪ ਪ੍ਰਤੀ ਸਾਲ 34 ਮਿਲੀਅਨ ਟਨ ਕੱਚੇ ਸਟੀਲ ਦੀ ਸਾਲਾਨਾ ਸਮਰੱਥਾ ਵਾਲੀਆਂ ਚੋਟੀ ਦੀਆਂ ਆਲਮੀ ਸਟੀਲ ਕੰਪਨੀਆਂ ਵਿੱਚੋਂ ਇੱਕ ਹੈ। ਦੁਨੀਆ ਭਰ ਵਿੱਚ ਸੰਚਾਲਨ ਅਤੇ ਵਪਾਰਕ ਤੌਰ ਉਤੇ ਮੌਜੂਦਗੀ ਹੋਣ ਸਦਕਾ ਇਹ ਵਿਸ਼ਵ ਦੇ ਭੂਗੋਲਿਕ ਤੌਰ 'ਤੇ ਸਭ ਤੋਂ ਵਿਭੰਨਤਾ ਵਾਲੇ ਸਟੀਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਗਰੁੱਪ ਨੇ 31 ਮਾਰਚ, 2021 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ 21.06 ਬਿਲੀਅਨ ਅਮਰੀਕੀ ਡਾਲਰ ਦਾ ਸਾਂਝਾ ਕਾਰੋਬਾਰ ਦਰਜ ਕੀਤਾ। ਇਸ ਮੌਕੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਕੁਮਾਰ ਅਮਿਤ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।ਟਾਟਾ ਗਰੁੱਪ ਦੇ ਦਫ਼ਤਰ ਵਿਚ ਉਪ ਪ੍ਰਧਾਨ ਵਿੱਤੀ ਕਾਰਜਾਂ ਤੇ ਕਾਰਪੋਰੇਟ ਰਿਪੋਰਟਿੰਗ ਸੰਜਿਬ ਨੰਦਾ, ਉਪ ਪ੍ਰਧਾਨ ਕਾਰਪੋਰੇਟ ਸਰਵਿਸਜ਼ ਚਾਣਕਿਆ ਚੌਧਰੀ ਅਤੇ ਐਮ.ਡੀ. ਟਾਟਾ ਸਟੀਲ ਲਾਂਗ ਪ੍ਰੋਡਕਟਸ ਅਸ਼ੀਸ਼ ਅਨੁਪਮ ਵੀ ਹਾਜ਼ਰ ਸਨ। ਇਹ ਵੀ ਪੜ੍ਹੋ:ਪੁਲਿਸ ਨੇ ਸੁਲਝਾਇਆ ਨਰਸ ਕਤਲ ਮਾਮਲਾ, ਸਿਰ ਫਿਰੇ ਆਸ਼ਕ ਨੇ ਲਈ ਸੀ ਜਾਨ -PTC News

Top News view more...

Latest News view more...

PTC NETWORK